ਘਰ-ਘਰ ਪੁੱਜਦੀ ਕਰਾਂਗੇ ਕਾਂਗਰਸ ਦੀ ਲੋਕਪੱਖੀ ਵਿਚਾਰਧਾਰਾ : ਮਹੇਸ਼ਇੰਦਰ ਸਿੰਘ
Monday, Jan 21, 2019 - 09:41 AM (IST)

ਮੋਗਾ (ਚਟਾਨੀ)-ਜ਼ਿਲਾ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਜ਼ਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਆਖਿਆ ਕਿ ਕੈਪਟਨ ਸਰਕਾਰ ਦੀ ਦਿੱਖ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਵਜੋਂ ਸਥਾਪਿਤ ਹੈ ਅਤੇ ਇਸ ਦਿੱਖ ਨੂੰ ਕਲੰਕਿਤ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਜ਼ਿਲੇ ਦੇ ਇਕ-ਦੋ ਹਲਕਿਆਂ ਵਿਚ ਵੱਖ-ਵੱਖ ਕਾਰਨਾਂ ਕਰ ਕੇ ਪਾਰਟੀ ਤੋਂ ਦੂਰੀ ਬਣਾ ਕੇ ਚੱਲ ਰਹੇ ਪਾਰਟੀ ਵਰਕਰਾਂ ਨੂੰ ਮਹੇਸ਼ਇੰਦਰ ਸਿੰਘ ਨੇ ਹੌਸਲਾ ਤੇ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਖੁੱਸਿਆ ਹੋਇਆ ਮਾਣ-ਸਤਿਕਾਰ ਹਰ ਹੀਲੇ ਬਹਾਲ ਹੋਵੇਗਾ। ਉਹ ਤੇ ਉਨ੍ਹਾਂ ਦੀ ਟੀਮ ਨਵੇਂ ਬਣਨ ਵਾਲੇ ਸਿਆਸੀ ਦਲਾਂ ਦੇ ਆਗੂੁਆਂ ਦੇ ਸਵਾਰਥੀ ਮਿਸ਼ਨ ਤੋਂ ਲੋਕਾਂ ਨੂੰ ਜਾਣੂ ਕਰਵਾਏਗੀ। ਪਾਰਟੀ ਦੀ ਲੋਕਤੰਤਰੀ ਵਿਚਾਰਧਾਰਾ ਨੂੰ ਘਰ-ਘਰ ਪੁੱਜਦਾ ਕਰਨ ਲਈ ਉਲੀਕੇ ਗਏ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਰਕਰਾਂ ਦੀਆਂ ਮੁਹੱਲਾ ਅਤੇ ਗਲੀ ਪੱਧਰ ਤੱਕ ਟੀਮਾਂ ਗਠਿਤ ਕੀਤੀਆਂ ਜਾ ਰਹੀਆਂ ਹਨ, ਜੋ ਨਾ ਸਿਰਫ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਦਾ ਪ੍ਰਚਾਰ ਕਰਨਗੀਆਂ, ਸਗੋਂ ਵਿਰੋਧੀ ਪਾਰਟੀਆਂ ਦੇ ਕੂਡ਼ ਪ੍ਰਚਾਰ ਦੀ ਅਸਲੀਅਤ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੀਆਂ। ਜ਼ਿਲਾ ਪ੍ਰਧਾਨ ਨੇ ਪਾਰਟੀ ਦੀ ਮਜ਼ਬੂਤੀ ਲਈ ਸਭਨਾਂ ਵਰਕਰਾਂ ਨੂੰ ਇਕਜੁੱਟ ਹੋ ਕੇ ਪ੍ਰਚਾਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਮਾਧ ਭਾਈ, ਚੰਨੂੰਵਾਲਾ, ਲੰਗੇਆਣਾ, ਘੋਲੀਆ ਕਲਾਂ, ਰਣਸੀਂਹ ਕਲਾਂ, ਗਿੱਲ, ਬੁੱਧ ਸਿੰਘ ਵਾਲਾ, ਮਾਣੂੰਕੇ ਆਦਿ ਪਿੰਡਾਂ ਦੇ ਵਰਕਰ ਅਤੇ ਆਗੂ ਵੀ ਹਾਜ਼ਰ ਸਨ।