ਮੋਦੀ ਗੈਰ-ਜ਼ਿੰਮੇਵਾਰ ਪ੍ਰਧਾਨ ਮੰਤਰੀ : ਚੀਮਾ
Wednesday, Dec 23, 2020 - 12:57 AM (IST)
ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਨੇ ਖੇਤੀ ਬਾਰੇ ਕਾਨੂੰਨਾਂ ਦੇ ਮਾਮਲੇ ਨੂੰ ਹੱਲ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਗੈਰ-ਜ਼ਿੰਮੇਵਾਰ ਆਗੂ ਦੱਸਦਿਆਂ ਕਿਹਾ ਕਿ ਉਹ ਦੇਸ਼ ਵਿਚ ਹੋਰ ਕਈ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਇਰਾਦੇ ਨਾਲ ਕਿਸਾਨ ਅੰਦੋਲਨ ਨੂੰ ਲੰਬਾ ਖਿੱਚ ਰਹੇ ਹਨ। ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਵਿਚ ਦਿਨੋਂ ਵਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਵਿਗੜ ਰਹੀ ਕਾਨੂੰਨ ਅਤੇ ਨਿਆਂ ਵਿਵਸਥਾ ਵਰਗੇ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਇਰਾਦੇ ਨਾਲ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਮੋਦੀ ਜਦੋਂ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੇਠੈ ਹਨ ਉਦੋਂ ਤੋਂ ਹੀ ਲੋਕਾਂ ਦੇ ਮਸਲੇ ਹੱਲ ਕਰਨ ਦੇ ਬਜਾਏ ਧੋਖੇ ਨਾਲ ਲੋਕਾਂ ਦਾ ਧਿਆਨ ਭਟਕਾਉਂਦੇ ਰਹੇ ਹਨ। ਅੱਜ ਦੇਸ਼ ਦਾ ਕਿਸਾਨ ਉਨ੍ਹਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕਿਆ ਹੈ, ਹੁਣ ਉਨ੍ਹਾਂ ਦੀ ਇਸ ਨੀਤੀ ਨੂੰ ਸਫਲ ਨਹੀਂ ਹੋਣ ਦੇਣਗੇ।
ਚੀਮਾ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਕਰਕੇ ਹੀ ਦੇਸ਼ ਦੇ ਕਿਸਾਨ, ਵਪਾਰੀ, ਮਜ਼ਦੂਰ, ਛੋਟੇ ਦੁਕਾਨਦਾਰ ਸਮੇਤ ਹਰ ਵਰਗ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੂੰਜੀਪਤੀਆਂ ਦੇ ਇਸ਼ਾਰੇ ’ਤੇ ਕੰਮ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਲੋਕਤੰਤਰਿਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਕੰਮ ਕਰਦਿਆਂ ਆਪਣੀ ਜ਼ਿੱਦ ਛੱਡ ਕੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ।