ਬਠਿੰਡਾ ਨੂੰ ਵੱਡੀ ਸੌਗਾਤ ਦੇਣ ਦੀ ਤਿਆਰੀ 'ਚ ਪੰਜਾਬ ਸਰਕਾਰ, ਜਲਦ ਸ਼ੁਰੂ ਹੋਣ ਜਾ ਰਿਹਾ ਇਹ ਪ੍ਰਾਜੈਕਟ
Sunday, May 07, 2023 - 02:02 PM (IST)
ਬਠਿੰਡਾ (ਵਰਮਾ) : ਸ਼ਹਿਰ ਦੀ ਸਫ਼ਰੀ ਸਮੱਸਿਆ ਨੂੰ ਲੈ ਕੇ ਅਤੇ ਸੜਕਾਂ ਤੋਂ ਭੀੜ-ਭੜੱਕੇ ਨੂੰ ਘੱਟ ਕਰਨ ਅਤੇ ਲੋਕਾਂ ਨੂੰ ਆਧੁਨਿਕ ਬੱਸ ਸਟੈਂਡ ਦੀ ਸਹੂਲਤ ਪ੍ਰਦਾਨ ਕਰਨ ਲਈ ਮਲੋਟ ਰੋਡ ’ਤੇ ਬਹੁਤ ਹੀ ਆਲੀਸ਼ਾਨ ਬੱਸ ਸਟੈਂਡ ਬਣਾਉਣ ਸਬੰਧੀ ਅਧਿਕਾਰੀਆਂ ਵਿਚਕਾਰ ਵਿਚਾਰ ਚਰਚਾ ਹੋਈ। ਮੀਟਿੰਗ ਵਿਚ ਨਗਰ ਸੁਧਾਰ ਟਰੱਸਟ, ਬਿਜਲੀ ਬੋਰਡ ਅਤੇ ਮਾਲ ਵਿਭਾਗ ਦੇ ਅਧਿਕਾਰੀ ਹਾਜ਼ਰ ਹੋਏ। ਕੁੱਲ 17 ਏਕੜ ਵਿਚ ਬੱਸ ਸਟੈਂਡ ਬਣਾਇਆ ਜਾਵੇਗਾ, ਜਿਸ ਵਿਚ ਟਰੱਸਟ 2 ਏਕੜ ਜ਼ਮੀਨ ਵਿਚ ਵਪਾਰਕ ਸਾਈਟ ਬਣਾਏਗਾ। ਵਰਕਸ਼ਾਪ ਲਈ ਚਾਰ ਏਕੜ ਜ਼ਮੀਨ ਅਤੇ 11 ਏਕੜ ਜ਼ਮੀਨ ’ਤੇ ਆਧੁਨਿਕ ਏ. ਸੀ. ਬੱਸ ਸਟੈਂਡ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ- ਕਬਾੜ ਇਕੱਠਾ ਕਰਨ ਨਹਿਰ 'ਚ ਉਤਰੇ 2 ਮੁੰਡਿਆਂ ਨਾਲ ਵਾਪਰੀ ਅਣਹੋਣੀ, ਇੰਝ ਨਿਕਲੇਗੀ ਜਾਨ ਸੋਚਿਆ ਨਾ ਸੀ
ਇਹ ਜ਼ਮੀਨ ਥਰਮਲ ਪਲਾਂਟ ਦੇ ਸਾਹਮਣੇ ਐਕੁਆਇਰ ਕੀਤੀ ਗਈ ਹੈ, ਜਦੋਂ ਕਿ ਉਥੇ ਲਗਾਏ ਗਏ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਨੂੰ ਹਟਾਉਣ ’ਤੇ 10 ਕਰੋੜ ਰੁਪਏ ਦਾ ਖ਼ਰਚਾ ਆਵੇਗਾ, ਜਿਸ ਦਾ ਭੁਗਤਾਨ ਟਰੱਸਟ ਵੱਲੋਂ ਕੀਤਾ ਜਾਵੇਗਾ। ਬੱਸ ਸਟੈਂਡ ਨੂੰ ਲੈ ਕੇ ਪਹਿਲਾਂ ਵੀ ਚਰਚਾ ਚੱਲ ਰਹੀ ਸੀ ਪਰ ਹੁਣ ਇਸ ’ਤੇ ਪੱਕੀ ਮੋਹਰ ਲਗਾ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਨੀਵਾਰ ਨੂੰ ਬਿਜਲੀ ਦੇ ਖੰਭਿਆਂ ਅਤੇ ਸੈਟੇਲਾਈਟ ਉਪਕਰਨਾਂ ਨਾਲ ਨਿਸ਼ਾਨਬੱਧ 11,000 ਕਿਲੋਵਾਟ ਦੀਆਂ ਤਾਰਾਂ ਨੂੰ ਹਟਾਉਣ ਤੋਂ ਬਾਅਦ ਨੀਂਹ ਪੱਥਰ ਰੱਖਣਗੇ। ਇਸ ਪੂਰੇ ਪ੍ਰਾਜੈਕਟ ’ਤੇ 100 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ, ਜਿਸ ਦਾ ਭੁਗਤਾਨ ਪੰਜਾਬ ਸਰਕਾਰ ਕਰੇਗੀ।
ਇਹ ਵੀ ਪੜ੍ਹੋ- ਕੈਨੇਡਾ 'ਚ ਇਕ ਹੋਰ ਪੰਜਾਬੀ ਨੇ ਤੋੜਿਆ ਦਮ, ਭਰੀ ਜਵਾਨੀ ’ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ
ਵਰਨਣਯੋਗ ਹੈ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਪਿਛਲੀ ਕਾਂਗਰਸ ਸਰਕਾਰ ਵੱਲੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਦੀ 1764 ਏਕੜ ਜ਼ਮੀਨ ’ਤੇ ਵੱਖ-ਵੱਖ ਪ੍ਰਾਜੈਕਟ ਅਤੇ ਬੱਸ ਸਟੈਂਡ ਦੇ ਪ੍ਰਾਜੈਕਟ ਤਿਆਰ ਕੀਤੇ ਗਏ ਹਨ। ਪੀ. ਐੱਸ. ਪੀ. ਸੀ. ਐੱਲ. ਕੁੱਲ 1764 ਏਕੜ ਜ਼ਮੀਨ ਜਿਸ ’ਚ ਤਿੰਨ ਵੱਡੀਆਂ ਝੀਲਾਂ, ਥਰਮਲ ਪਲਾਂਟ ਅਤੇ ਕਾਲੋਨੀ ਸ਼ਾਮਲ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਥਰਮਲ ਪਲਾਂਟ ਦੀ ਜ਼ਮੀਨ ’ਤੇ ਫਾਰਮਾਸਿਊਟੀਕਲ ਪਾਰਕ ਬਣਾਉਣ ਦੀ ਯੋਜਨਾ ਬਣਾ ਰਹੇ ਸਨ, ਜਿਸ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਸੀ। ਹੁਣ ਇਸ ਜ਼ਮੀਨ ’ਤੇ ਸੋਲਰ ਪਲਾਟ, ਵੱਡੀ ਇੰਡਸਟਰੀ, ਰਿਹਾਇਸ਼ੀ ਕਾਲੋਨੀ ਅਤੇ ਕਾਰੋਬਾਰੀ ਸਥਾਨ ਬਣਾਉਣ ਦੀ ਯੋਜਨਾ ਹੈ।
ਏਸ਼ੀਆ ਦਾ ਸਭ ਤੋਂ ਖੂਬਸੂਰਤ ਬੱਸ ਸਟੈਂਡ ਬਣਾਇਆ ਜਾਵੇਗਾ : ਚੇਅਰਮੈਨ
ਜ਼ਿਲ੍ਹਾ ਬਠਿੰਡਾ ਦੇ ਬੱਸ ਸਟੈਂਡ ਬਾਰੇ ਨਗਰ ਸੁਧਾਰ ਸਭਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡਰੀਮ ਪ੍ਰਾਜੈਕਟ ਹੈ। ਇਸ ਦਾ ਨਕਸ਼ਾ ਵਿਦੇਸ਼ਾਂ ਤੋਂ ਤਿਆਰ ਕਰਵਾਇਆ ਜਾਵੇਗਾ ਜਦਕਿ ਮੁੱਖ ਮੰਤਰੀ ਇਸ ਪ੍ਰਾਜੈਕਟ ਨੂੰ ਦਿਲਚਸਪੀ ਨਾਲ ਲੈ ਕੇ ਚੱਲ ਰਹੇ ਹਨ। ਕੁਲੈਕਟਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੀ ਵਿਸ਼ੇਸ਼ ਤੌਰ ’ਤੇ ਬੱਸ ਸਟੈਂਡ ਲਈ ਸਖ਼ਤ ਮਿਹਨਤ ਕਰ ਰਹੇ ਹਨ। ਮੁੱਖ ਮੰਤਰੀ ਜਲੰਧਰ ਚੋਣਾਂ ਤੋਂ ਬਾਅਦ ਇਸ ਦਾ ਨੀਂਹ ਪੱਥਰ ਰੱਖਣਗੇ ਅਤੇ ਪੈਸੇ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।