ਗਲਤ ਖਾਤਾ ਨੰਬਰ ਦਾ ਚੈੱਕ ਦੇ ਕੇ ਠੱੱਗੇ ਗਹਿਣੇ

Monday, Oct 30, 2017 - 01:02 AM (IST)

ਗਲਤ ਖਾਤਾ ਨੰਬਰ ਦਾ ਚੈੱਕ ਦੇ ਕੇ ਠੱੱਗੇ ਗਹਿਣੇ

ਗੁਰਦਾਸਪੁਰ, (ਵਿਨੋਦ)-  ਸਿਟੀ ਪੁਲਸ ਗੁਰਦਾਸਪੁਰ ਨੇ ਇਕ ਅਜਿਹੇ ਠੱਗ ਵਿਰੁੱਧ ਕੇਸ ਦਰਜ ਕੀਤਾ ਹੈ, ਜੋ ਲੋਕਾਂ ਨੂੰ ਚੈੱਕ ਦੇ ਕੇ ਗਲਤ ਖਾਤਾ ਨੰਬਰ ਅਤੇ ਗਲਤ ਦਸਤਖ਼ਤ ਕਰ ਕੇ ਸਰਾਫਾਂ ਤੋਂ ਗਹਿਣੇ ਖਰੀਦ ਕੇ ਮੋਟੀ ਠੱਗੀ ਮਾਰਦਾ ਸੀ। 
ਸਿਟੀ ਪੁਲਸ ਸਟੇਸ਼ਨ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਦੇ ਹਰਿ ਦਰਬਾਰ ਕਾਲੋਨੀ ਵਾਸੀ ਅਮਿਤ ਕੁਮਾਰ ਪੁੱਤਰ ਸੁਭਾਸ਼ ਚੰਦਰ ਨੇ ਪੁਲਸ ਨੂੰ ਕੁਝ ਮਹੀਨੇ ਪਹਿਲਾਂ ਸ਼ਿਕਾਇਤ ਦਿੱਤੀ ਸੀ ਕਿ ਇਕ ਵਿਅਕਤੀ ਸੁਰਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਰੋਡ ਖਹਿਰਾ ਪੁਲਸ ਸਟੇਸ਼ਨ ਘੁੰਮਣ ਕਲਾਂ ਉਸ ਨੂੰ ਚੈੱਕ ਦੇ ਕੇ ਲਗਭਗ 42,800 ਰੁਪਏ ਦੇ ਗਹਿਣੇ ਲੈ ਗਿਆ ਸੀ ਪਰ ਜਦੋਂ ਚੈੱਕ ਭੁਗਤਾਨ ਲਈ ਬੈਂਕ ਵਿਚ ਦਿੱਤਾ ਤਾਂ ਪਤਾ ਲੱਗਾ ਕਿ ਉਹ ਮੁਖਜੀਤ ਸਿੰਘ ਪੁੱਤਰ ਬਚਨ ਲਾਲ ਵਾਸੀ ਪਿੰਡ ਰੋਡ ਖਹਿਰਾ ਦੇ ਖਾਤਾ ਨੰਬਰ ਦੇ ਨਾਂ 'ਤੇ ਜਾਰੀ ਹੋਇਆ ਹੈ, ਜਿਸ ਕਾਰਨ ਮੈਨੂੰ ਦਿੱਤਾ ਗਿਆ ਚੈੱਕ ਬੈਂਕ ਨੇ ਬਿਨਾਂ ਪਾਸ ਕੀਤੇ ਵਾਪਸ ਕਰ ਦਿੱਤਾ। ਪੁਲਸ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਮਿਲਣ 'ਤੇ ਜਾਂਚ ਕਰਨ 'ਤੇ ਪਾਇਆ ਗਿਆ ਕਿ ਜਿਸ ਸੁਰਜੀਤ ਸਿੰਘ ਨਾਂ ਦੇ ਵਿਅਕਤੀ ਨੇ ਚੈੱਕ ਦੇ ਕੇ ਗਹਿਣੇ ਲਏ ਸੀ, ਉਸ ਦਾ ਸਹੀ ਨਾਂ ਮੁਖਜੀਤ ਸਿੰਘ ਹੈ ਅਤੇ ਉਸ ਨੇ ਇਕ ਠੱਗੀ ਮਾਰਨ ਦੀ ਯੋਜਨਾ ਬਣਾ ਕੇ ਚੈੱਕ 'ਤੇ ਗਲਤ ਖਾਤਾ ਨੰਬਰ ਪਾ ਦਿੱਤਾ ਅਤੇ ਮੁਖਜੀਤ ਸਿੰਘ ਦੇ ਸਥਾਨ 'ਤੇ ਸੁਰਜੀਤ ਸਿੰਘ ਦੇ ਨਾਂ ਨਾਲ ਦਸਤਖ਼ਤ ਕਰ ਦਿੱਤੇ। 
ਮੁਲਜ਼ਮ ਪਹਿਲਾਂ ਵੀ ਕਈ ਸ਼ਹਿਰਾਂ 'ਚ ਮਾਰ ਚੁੱਕਿਆ ਠੱਗੀ 
ਜਾਂਚ ਵਿਚ ਪਾਇਆ ਗਿਆ ਕਿ ਦੋਸ਼ੀ ਇਸ ਤੋਂ ਪਹਿਲਾਂ ਵੀ ਇਸੇ ਢੰਗ ਨਾਲ ਬਟਾਲਾ, ਦੀਨਾਨਗਰ, ਫਤਿਹਗੜ੍ਹ ਚੂੜੀਆਂ, ਵੇਰਕਾ ਸਮੇਤ ਹੋਰ ਸ਼ਹਿਰਾਂ ਵਿਚ ਠੱਗੀ ਮਾਰ ਚੁੱਕਾ ਹੈ। ਪੁਲਸ ਅਧਿਕਾਰੀ ਦੇ ਅਨੁਸਾਰ ਦੋਸ਼ੀ ਵਿਰੁੱਧ ਧਾਰਾ 420 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਕਤ ਠੱਗ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


Related News