ਸਦਕੇ ਜਾਈਏ ਪੰਜਾਬ ਪੁਲਸ ਦੇ 6500 ਦਾ ਫੋਨ, ਲੱਭਣ ਲਈ ਖਰਚਾਏ 3.5 ਲੱਖ

02/07/2019 3:35:19 PM

ਬਠਿੰਡਾ (ਅਮਿਤ) : ਆਏ ਦਿਨ ਕਿਸੇ ਨਾ ਕਿਸੇ ਕਾਰਨਾਂ ਕਰਕੇ ਚਰਚਾ 'ਚ ਰਹਿਣ ਵਾਲੀ ਪੰਜਾਬ ਪੁਲਸ ਦਾ ਇਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਜਲਾਲਾਬਾਦ ਦੇ ਰਹਿਣ ਵਾਲੇ ਹਰਪ੍ਰੀਤ ਦਾ 3 ਸਾਲ ਪਹਿਲਾਂ 6500 ਦਾ ਮੋਬਾਇਲ ਚੋਰੀ ਹੋਇਆ ਸੀ, ਜਿਸ 'ਤੇ ਪੁਲਸ ਹੁਣ ਤੱਕ ਉਸ ਦੇ ਸਾਢੇ ਤਿੰਨ ਲੱਖ ਰੁਪਏ ਖਰਚਾ ਚੁੱਕੀ ਹੈ। ਇਸ ਮਾਮਲੇ 'ਚ ਡਾਇਰੈਕਟਰ ਬਿਓਰੋ ਆਫ ਇਨਵੈਸਟੀਗੇਸ਼ਨ ਨੇ ਹੁਕਮ ਦਿੰਦੇ ਹੋਏ ਕੋਤਾਹੀ ਵਰਤਣ ਵਾਲੇ ਥਾਣਾ ਮੁਖੀ ਦੀ 2 ਸਾਲ ਦੀ ਨੌਕਰੀ 'ਤੇ ਕਮਾਏ ਇੰਨਕ੍ਰੀਮੈਂਟ ਨੂੰ ਪੱਕੇ ਤੌਰ 'ਤੇ ਜ਼ਬਤ ਕਰਨ ਦੇ ਆਦੇਸ਼ ਦੇ ਦਿੱਤੇ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਨੇ ਦੱਸਿਆ ਕਿ ਅਕਤੂਬਰ 2015 'ਚ ਉਸ ਦਾ ਮੋਬਾਇਲ ਚੋਰੀ ਹੋਇਆ ਸੀ, ਜਿਸ ਦੇ ਸਬੰਧ 'ਚ ਉਸ ਨੇ ਜਲਾਲਾਬਾਦ ਥਾਣੇ 'ਚ ਚੋਰੀ ਦੀ ਸ਼ਿਕਾਇਤ ਦਰਜ ਕਰਾਉਣ ਲਈ ਹਾਈਕੋਰਟ 'ਚ ਪਟੀਸ਼ਨ ਪਾਉਣੀ ਪਈ। ਡਾਇਰੈਕਟਰ ਬਿਓਰੋ ਆਫ ਇਨਵੈਸਟੀਗੇਸ਼ਨ ਨੇ ਏ.ਆਈ.ਜੀ. ਕ੍ਰਾਈਮ ਬਠਿੰਡਾ 'ਚ ਪੜਤਾਲ ਕਰਵਾਈ ਤਾਂ ਥਾਣਾ ਮੁਖੀ ਸਮੇਤ ਤਿੰਨ ਲੋਕਾਂ ਨੂੰ ਡਿਊਟੀ 'ਚ ਲਾਪਰਵਾਹੀ ਵਰਤਣ ਦਾ ਦੋਸ਼ੀ ਕਰਾਰ ਦਿੱਤਾ ਤੇ ਐੱਸ.ਐੱਸ.ਪੀ. ਫਾਜ਼ਿਲਕਾ ਨੂੰ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਇਸ ਸਬੰਧ 'ਚ ਹਰਪ੍ਰੀਤ ਨੇ ਕਿਹਾ ਕਿ ਐੱਸ.ਐੱਸ.ਪੀ. ਫਾਜ਼ਿਲਕਾ ਅਜੇ ਵੀ ਪੁਲਸ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਨਹੀਂ ਕਰ ਰਿਹਾ, ਇਸ ਲਈ ਉਸ ਦਾ ਸੰਘਰਸ਼ ਅੱਗੇ ਵੀ ਜਾਰੀ ਰਹੇਗਾ। ਇਸ ਕੇਸ 'ਚ ਤਿੰਨ ਸਾਲ 'ਚ ਉਸ ਦੇ ਸਾਢੇ ਤਿੰਨ ਲੱਖ ਖਰਚ ਹੋ ਚੁੱਕੇ ਹਨ ਤੇ ਮੋਬਾਇਲ ਵੀ ਵਾਪਸ ਮਿਲ ਗਿਆ ਹੈ ਪਰ ਹੁਣ ਉਹ ਪੁਲਸ ਕਰਮਚਾਰੀਆਂ ਕੋਲੋਂ ਖਰਚਾ ਵਾਪਸ ਲੈਣ ਲਈ ਫਿਰ ਕੋਰਟ ਦਾ ਸਹਾਰਾ ਲਵੇਗਾ।


Baljeet Kaur

Content Editor

Related News