ਕੈਪਟਨ ਸਰਕਾਰ ਗੱਠਜੋੜ ਸਰਕਾਰ ਵਾਂਗ ਮੁਫਤ ਤੀਰਥ ਯਾਤਰਾ ਦਾ ਪ੍ਰਬੰਧ ਕਰੇ: ਪਵਨ ਟੀਨੂੰ
Monday, Jan 15, 2018 - 02:26 PM (IST)

ਕਿਸ਼ਨਗੜ੍ਹ (ਬੈਂਸ)— ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਚ ਮਾਘੀ ਦੇ ਪਾਵਨ ਦਿਹਾੜੇ ਮੌਕੇ ਉਚੇਚੇ ਤੌਰ 'ਤੇ ਨਤਮਸਤਕ ਹੋਣ ਪਹੁੰਚੇ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਅਤੇ ਹਲਕਾ ਕਰਤਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੰਚਾਰਜ ਸੇਠ ਸਤਪਾਲ ਮੱਲ ਬੂਟਾਂ ਮੰਡੀ ਵਾਲਿਆਂ ਨੇ ਸਮਾਗਮ ਉਪਰੰਤ 'ਜਗ ਬਾਣੀ' ਨਾਲ ਉਚੇਚੇ ਤੌਰ 'ਤੇ ਗੱਲਬਾਤ ਦੌਰਾਨ ਆਖਿਆ ਕਿ ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਸੂਬੇ ਦੇ ਸਾਰੇ ਧਰਮਾਂ ਦੇ ਤੀਰਥ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਹਿੱਤ ਆਰਥਿਕ ਤੌਰ 'ਤੇ ਕਮਜ਼ੋਰ ਸ਼ਰਧਾਲੂ ਸੰਗਤਾਂ ਲਈ ਵਿਸ਼ੇਸ਼ ਮੁਫਤ ਰੇਲ ਗੱਡੀਆਂ ਚਲਾਈਆਂ ਗਈਆਂ ਸਨ। ਇਸੇ ਸੰਦਰਭ ਹੇਠ ਪਿਛਲੀ ਅਕਾਲੀ ਸਰਕਾਰ ਵੱਲੋਂ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਾਸਤੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਕਾਂਸ਼ੀ ਬਨਾਰਸ ਦੇ ਦਰਸ਼ਨਾਂ ਵਾਸਤੇ ਇਕ ਮੁਫਤ ਰੇਲ ਗੱਡੀ ਚਲਾਈ ਗਈ ਸੀ, ਜਿਸ ਨਾਲ ਹਜ਼ਾਰਾਂ ਲੋੜਵੰਦ ਸੰਗਤਾਂ ਨੇ ਕਾਂਸ਼ੀ ਬਨਾਰਸ ਮੰਦਰ ਵਿਚ ਨਤਮਸਤਕ ਹੁੰਦਿਆਂ ਆਪਣੀ ਸ਼ਰਧਾ ਪ੍ਰਗਟ ਕੀਤੀ ਸੀ ਪਰ ਮੌਜੂਦਾ ਕਾਂਗਰਸ ਸੂਬਾ ਸਰਕਾਰ ਵੱਲੋਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਵਾਲੀ ਮੁਫਤ ਯਾਤਰਾ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਹੈ।
ਸੇਠ ਸਤਪਾਲ ਮੱਲ ਅਤੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਪੂਰੀ ਦਲਿਤ ਵਿਰੋਧੀ ਹੈ। ਜੇਕਰ ਸਮਾਂ ਰਹਿੰਦਿਆਂ ਮੌਜੂਦਾ ਸੂਬਾ ਸਰਕਾਰ ਨੇ ਸਤਿਗੁਰੂ ਰਵਿਦਾਸ ਪੁਰਬ 'ਤੇ ਕਾਂਸ਼ੀ ਬਨਾਰਸ ਲਈ ਸਪੈਸ਼ਲ ਮੁਫਤ ਯਾਤਰਾ ਦਾ ਕੋਈ ਢੁਕਵਾਂ ਪ੍ਰਬੰਧ ਨਾ ਕੀਤਾ ਤਾਂ ਸਾਰਾ ਮਾਮਲਾ ਆਪਣੇ ਆਪ ਦਲਿਤ ਸਮਾਜ ਸਾਹਮਣੇ ਆ ਜਾਵੇਗਾ।