ਮਾਝੇ ਤੇ ਮਾਲਵੇ ਨੂੰ ਜੋੜਨ ਵਾਲਾ ਪੁਲ ਇਲਾਕੇ ਦੇ ਵਿਕਾਸ ਲਈ ਵਰਦਾਨ ਸਾਬਤ ਹੋਵੇਗਾ : ਚੀਮਾ

04/19/2018 2:36:45 PM

ਸੁਲਤਾਨਪੁਰ ਲੋਧੀ (ਧੀਰ)— ਹਲਕੇ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਹਮੇਸ਼ਾ ਤੱਤਪਰ ਹਾਂ ਅਤੇ ਇਸ ਦਾ ਚੁਫੇਰਿਓਂ ਵਿਕਾਸ ਕੀਤਾ ਜਾ ਰਿਹਾ ਹੈ। ਇਹ ਸ਼ਬਦ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੰਡ ਖੇਤਰ ਦਾ ਦੌਰਾ ਕਰਨ ਉਪਰੰਤ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਇਸ ਸਮੇਂ ਮੰਡ ਬਾਊਪੁਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਦੇ ਗ੍ਰਹਿ ਵਿਖੇ ਪਹੁੰਚਣ 'ਤੇ ਵਿਧਾਇਕ ਚੀਮਾ ਦਾ ਇਲਾਕਾ ਨਿਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ ਤੇ ਮੰਡ ਖੇਤਰ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਚੀਮਾ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਕਿਹਾ ਕਿ ਇਥੋਂ ਦੇ ਵਾਸੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਇਲਾਕੇ ਵਿਚ ਵਿਕਾਸ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮੰਡ ਖੇਤਰ ਦੇ ਵਾਸੀਆਂ ਦੀ ਕਈ ਵਰ੍ਹਿਆਂ ਦੀ ਮੰਗ ਨੂੰ ਮੰਨਦੇ ਹੋਏ ਮਾਝੇ ਅਤੇ ਦੋਆਬੇ ਨੂੰ ਜੋੜਨ ਵਾਲਾ ਦਰਿਆ ਬਿਆਸ ੱਤੇ ਵੱਡਾ ਪੁਲ ਬਣਾਉਣ ਦੀ ਆਗਿਆ ਦਿੱਤੀ। ਜਿਸ ਦੇ ਬਣਨ ਨਾਲ ਪੂਰੇ ਇਲਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮਾਝੇ ਅਤੇ ਮਾਲਵੇ ਨੂੰ ਜੋੜਨ ਵਾਲਾ ਪੁਲ ਇਲਾਕੇ ਦੇ ਵਿਕਾਸ ਲਈ ਵਰਦਾਨ ਸਾਬਤ ਹੋਵੇਗਾ।
ਗੌਰਤਲਬ ਹੈ ਕਿ ਮਾਝੇ ਅਤੇ ਦੋਆਬੇ ਨੂੰ ਜੋੜਨ ਵਾਲਾ ਪੁਲ ਜਿਸ ਦਾ ਦੋ ਵਾਰ ਨੀਂਹ ਪੱਥਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਤੇ ਸਿਵਾਏ ਲਾਰਿਆਂ ਦੇ ਇਸ ਨੂੰ ਨੇਪਰੇ ਚਾੜ੍ਹਨ 'ਚ ਕੋਈ ਦਿਲਚਸਪੀ ਨਾ ਵਿਖਾਈ। ਇਲਾਕੇ ਦੇ ਲੋਕਾਂ 'ਚ ਕਾਫੀ ਗੁੱਸਾ ਪਾਇਆ ਗਿਆ। ਇਸ ਪੁਲ ਦਾ ਟੈਂਡਰ ਪਾਸ ਹੋਣ ਨਾਲ ਮੰਡ ਖੇਤਰ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਥੋਂ ਦੇ ਵਾਸੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਧੰਨਵਾਦ ਕਰ ਰਹੇ ਹਨ, ਜਿਨ੍ਹਾਂ ਨੇ ਇਸ ਪੱਛੜੇ ਇਲਾਕੇ ਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਆਂਦਾ। ਉਨ੍ਹਾਂ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 2019 ਵਿਚ ਮਨਾਏ ਜਾ ਰਹੇ ਪ੍ਰਕਾਸ਼ ਦਿਹਾੜੇ ਦੇ ਸ਼ਤਾਬਦੀ ਸਮਾਗਮਾਂ ਨੂੰ ਹੋਰ ਵੀ ਯਾਦਗਾਰੀ ਬਣਾਉਣ ਲਈ ਪਵਿੱਤਰ ਨਗਰੀ ਦਾ ਚੌਤਰਫਾ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਵਾਸਤੇ ਸਾਰੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।ਇਸ ਮੌਕੇ ਹਰਚਰਨ ਸਿੰਘ ਬੱਗਾ ਮਿਆਣੀ, ਗੁਰਨਿਹਾਲ ਸਿੰਘ ਚੀਮਾ, ਜਗਜੀਤ ਸਿੰਘ ਚੰਦੀ, ਲਾਭ ਸਿੰਘ, ਅਮਰੀਕ ਸਿੰਘ ਸੈਕਟਰੀ, ਗੁਰਦੀਪ ਸਿੰਘ ਚੱਕਾਂ, ਬਲਵਿੰਦਰ ਸਿੰਘ ਫੱਤੋਵਾਲ, ਸਤਿੰਦਰ ਸਿੰਘ ਚੀਮਾ ਦਫਤਰ ਇੰਚਾਰਜ ਆਦਿ ਹਾਜ਼ਰ ਸਨ।


Related News