ਵਿਧਾਇਕ ਲੋਹਗੜ੍ਹ ਦੇ ਯਤਨਾਂ ਸਦਕਾ ਬਜਟ ’ਚ ਧਰਮਕੋਟ ਵਾਸੀਆਂ ਨੂੰ ਮਿਲੀਆਂ ਵੱਡੀਆ ਸੋਗਾਤਾਂ

3/9/2021 1:39:04 PM

ਧਰਮਕੋਟ (ਸਤੀਸ਼) - ਧਰਮਕੋਟ ਅਤੇ ਇਲਾਕੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦੇ ਅਣਥੱਕ ਯਤਨਾਂ ਸਦਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਪੰਜਾਬ ਸਰਕਾਰ ਦੇ ਬਜਟ ਵਿੱਚ ਧਰਮਕੋਟ ਲਈ ਸੌਗਾਤਾਂ ਦਾ ਵੱਡਾ ਪਿਟਾਰਾ ਖੋਲ੍ਹਿਆ ਗਿਆ ਹੈ। ਇਸ ਸਬੰਧੀ ਅੱਜ ਨਗਰ ਕੌਂਸਲ ਧਰਮਕੋਟ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਵੱਲੋਂ ਆਪਣੇ ਸਾਥੀ ਕੌਂਸਲਰਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਧਰਮਕੋਟ ਵਾਸੀਆਂ ਨਾਲ, ਜੋ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਹਨ। 

ਉਨ੍ਹਾਂ ਕਿਹਾ ਕਿ ਵਿਧਾਇਕ ਸੁਖਜੀਤ ਲੋਹਗੜ੍ਹ ਵੱਲੋਂ ਕੀਤੀ ਮਿਹਨਤ ਨੂੰ ਉਸ ਸਮੇਂ ਬੂਰ ਪਿਆ, ਜਦੋਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੌਰਾਨ ਧਰਮਕੋਟ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਸਰਕਾਰੀ ਹਸਪਤਾਲ ਧਰਮਕੋਟ ਨੂੰ ਅਪਗਰੇਡ ਕਰਨ ਲਈ ਕਰੋੜਾਂ ਰੁਪਏ ਦੀ ਰਾਸ਼ੀ ਬਜਟ ਵਿਚ ਰੱਖੀ ਗਈ। ਇਸ ਤੋਂ ਇਲਾਵਾ ਧਰਮਕੋਟ ਬਸ ਅੱਡਾ, ਜੋ ਪਿਛਲੇ ਚਾਲੀ ਸਾਲ ਤੋਂ ਆਪਣੀ ਤਰਸਯੋਗ ਹਾਲਤ ’ਤੇ ਅੱਥਰੂ ਵਹਾ ਰਿਹਾ ਹੈ, ਉਸ ਨੂੰ ਨਵਾਂ ਬਣਾਉਣ ਲਈ ਬਜਟ ਵਿੱਚ ਕਰੋੜਾਂ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ। ਇਸ ਤੋਂ ਇਲਾਵਾ ਧਰਮਕੋਟ ਹਲਕੇ ਦੇ ਪਿੰਡ ਫਤਹਿਗੜ੍ਹ ਕੋਰੋਟਾਣਾ ਵਿਚ ਬਣ ਰਹੇ ਸਰਕਾਰੀ ਕਾਲਜ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਬਜਟ ਰਾਖਵਾਂ ਰੱਖਿਆ ਗਿਆ। ਇਸ ਕਾਲਜ ਵਿੱਚ ਇਸ ਸੈਸ਼ਨ ਤੋਂ ਕਲਾਸਾਂ ਸ਼ੁਰੂ ਹੋ ਜਾਣਗੀਆਂ। 

ਦੂਜੇ ਪਾਸੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਅਸੀਂ ਜਿੱਥੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦੇ ਧੰਨਵਾਦੀ ਹਾਂ, ਉਥੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਧੰਨਵਾਦੀ ਹਾਂ। ਇਨ੍ਹਾਂ ਨੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਪਹਿਲੀ ਵਾਰ ਧਰਮਕੋਟ ਦੇ ਇਤਿਹਾਸ ਵਿਚ ਇਸ ਇਲਾਕੇ ਲਈ ਬਜਟ ਵਿੱਚ ਵੱਡੀ ਰਾਸ਼ੀ ਰੱਖੀ ਹੈ, ਜਿਸ ਨਾਲ ਧਰਮਕੋਟ ਹਲਕਾ ਵਿਕਾਸ ਦੀਆਂ ਨਵੀਆਂ ਬੁਲੰਦੀਆਂ ’ਤੇ ਪਹੁੰਚ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸੋਹਣ ਸਿੰਘ ਖੇਲਾ ਸਿਆਸੀ ਸਕੱਤਰ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਬਲਰਾਜ ਸਿੰਘ ਕਲਸੀ ਮੀਤ ਪ੍ਰਧਾਨ, ਮਨਜੀਤ ਸਿੰਘ, ਸੁਖਦੇਵ ਸਿੰਘ, ਸੁਖਬੀਰ ਸਿੰਘ ਸੁਖਾ, ਗੁਰਪਿੰਦਰ ਸਿੰਘ ਚਾਹਲ, ਸਚਿਨ ਟੰਡਨ ਆਦਿ ਹਾਜ਼ਰ ਸਨ।


rajwinder kaur

Content Editor rajwinder kaur