ਕਾਂਗਰਸੀ ਵਿਧਾਇਕ ਜਲਾਲਪੁਰ ਦੀ ਸ਼ਹਿ ‘ਤੇ ਹੋ ਰਹੀ ਨਸ਼ਾ ਤਸਕਰੀ : ਗੁਰਲਾਲ ਭੰਗੂ

Sunday, Mar 07, 2021 - 06:47 PM (IST)

ਕਾਂਗਰਸੀ ਵਿਧਾਇਕ ਜਲਾਲਪੁਰ ਦੀ ਸ਼ਹਿ ‘ਤੇ ਹੋ ਰਹੀ ਨਸ਼ਾ ਤਸਕਰੀ : ਗੁਰਲਾਲ ਭੰਗੂ

ਪਟਿਆਲਾ : ਯੂਥ ਅਕਾਲੀ ਦਲ ਦੇ ਆਗੂ ਗੁਰਲਾਲ ਸਿੰਘ ਭੰਗੂ ਨੇ ਕਾਂਗਰਸੀ ਵਿਧਾਇਕ ਜਲਾਲਪੁਰ 'ਤੇ ਨਸ਼ਾ ਤਸਕਰੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਗੁਰਲਾਲ ਭੰਗੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 4 ਹਫਤਿਆਂ ਵਿਚ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਦੀ ਗਈ ਸੀ ਪਰ ਹੁਣ ਪੰਜਾਬ ਦੇ ਹਾਲਾਤ ਕੀ ਹਨ ਇਹ ਇਹ ਸਭ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ੇ 'ਤੇ ਤਾਂ ਕੀ ਨੱਥ ਪਾਉਣੀ ਸੀ ਜਦਕਿ ਸਰਕਾਰ ਦੇ ਆਪਣੇ ਹੀ ਵਿਧਾਇਕਾਂ ਦੀ ਸ਼ਹਿ 'ਤੇ ਨਸ਼ਾ ਤਸਕਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੇ ਹਲਕੇ ਘਨੌਰ ਵਿਚ ਕਾਂਗਰਸੀ ਵਿਧਾਇਕ ਮਦਨ ਜਲਾਲਪੁਰ ਦੀ ਸ਼ਹਿ 'ਤੇ ਨਸ਼ੇ ਦਾ ਕਾਰੋਬਾਰ ਬੜੇ ਵੱਡੇ ਪੱਧਰ 'ਤੇ ਪ੍ਰਫੁੱਲਤ ਹੋਇਆ ਹੈ। ਇਸ ਦੀ ਤਾਜ਼ਾ ਮਿਸਾਲ ਹਲਕਾ ਘਨੌਰ ਦੇ ਪਿੰਡ ਸੂਹਰੋ ਵਿਖੇ ਕਾਂਗਰਸੀ ਸਰਪੰਚ ਸਤਿੰਦਰਪਾਲ ਸਿੰਘ (ਡਿੰਪਲ) ਜਿਸ ਕੋਲੋਂ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਵਲੋਂ ਦੋ ਕਿੱਲੋ ਅਫੀਮ ਬਰਾਮਦ ਕੀਤੀ ਗਈ ਹੈ ।

ਉਨ੍ਹਾਂ ਕਿਹਾ ਕਿ ਸਰਪੰਚ ਸਤਿੰਦਰਪਾਲ ਸਿੰਘ (ਡਿੰਪਲ) ਕਾਂਗਰਸੀ ਵਿਧਾਇਕ ਮਦਨ ਜਲਾਲਪੁਰ ਦਾ ਖਾਸਮ-ਖਾਸ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਘਨੌਰ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਨਾਲ ਵਾਇਰਲ ਹੋਈਆਂ ਹਨ ਜੋ ਕਿ ਇਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਨਸ਼ੇ ਦੀ ਇੰਨੀ ਵੱਡੀ ਪੱਧਰ 'ਤੇ ਤਸਕਰੀ ਸਿਆਸੀ ਸ਼ਹਿ ਤੋਂ ਬੈਗਰ ਨਹੀਂ ਹੋ ਸਕਦੀ । ਭੰਗੂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਹਲਕਾ ਘਨੌਰ ਨਸ਼ੇ ਦੀ ਮੰਡੀ ਬਣ ਚੁੱਕਾ ਹੈ ਜਦਕਿ ਪੰਜਾਬ ਸਰਕਾਰ ਨਸ਼ੇ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਿਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।


author

Gurminder Singh

Content Editor

Related News