ਮੋਗਾ ਦੇ ਵਿਧਾਇਕ 'ਹਰਜੋਤ ਕਮਲ' ਹਾਦਸੇ ਦਾ ਸ਼ਿਕਾਰ, ਹਸਪਤਾਲ 'ਚ ਦਾਖ਼ਲ
Thursday, Oct 22, 2020 - 04:00 PM (IST)
ਮੋਗਾ (ਵਿਪਨ) : ਬੀਤੀ ਰਾਤ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਅਤੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ 'ਚ ਮੋਗਾ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਚੰਡੀਗੜ੍ਹ ਤੋਂ ਮੋਗਾ ਆ ਰਹੇ ਸਨ ਕਿ ਅਚਾਨਕ ਫਤਿਹਗੜ੍ਹ ਦੇ ਪਿੰਡ ਖਮਾਣੋਂ ਨਜ਼ਦੀਕ ਗਲਤ ਦਿਸ਼ਾ ਤੋਂ ਆ ਰਹੀ ਸਕਾਰਪਿਓ ਗੱਡੀ ਉਨ੍ਹਾਂ ਦੇ ਵਾਹਨ ਨਾਲ ਟਕਰਾ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਵਿਧਾਇਕ ਦੀ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂਚਕਨਾਚੂਰ ਹੋ ਗਿਆ। ਗੱਡੀ ਦੀਆਂ ਬਾਰੀਆਂ ਤੋੜ ਕੇ ਵਿਧਾਇਕ ਡਾ. ਹਰਜੋਤ ਕਮਲ , ਚੇਅਰਮੈਨ ਵਿਨੋਦ ਬਾਂਸਲ ਅਤੇ ਗੱਡੀ ਦੇ ਡਰਾਈਵਰ ਨੂੰ ਜ਼ਖਮੀਂ ਹਾਲਤ 'ਚ ਬਾਹਰ ਕੱਢਿਆ ਗਿਆ ਅਤੇ ਇਕ ਹੋਰ ਗੱਡੀ ਰਾਹੀਂ ਮੋਗਾ ਦੇ ਰਾਜੀਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਡਾਕਟਰਾਂ ਦੇ ਦੱਸਣ ਮੁਤਾਬਕ ਵਿਧਾਇਕ ਡਾ. ਹਰਜੋਤ ਕਮਲ ਦੇ ਚੂਲ੍ਹੇ 'ਤੇ ਗੰਭੀਰ ਸੱਟ ਹੈ, ਜਿਸ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ, ਜਦੋਂ ਕਿ ਚੇਅਰਮੈਨ ਵਿਨੋਦ ਬਾਂਸਲ ਦੀ ਇਕ ਬਾਂਹ ਅਤੇ ਇਕ ਲੱਤ 'ਤੇ ਫਰੈਕਚਰ ਹੈ, ਜਿਸ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ। ਡਾਕਟਰਾਂ ਮੁਤਾਬਕ ਹਾਲ ਦੀ ਘੜੀ ਦੋਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਡਰਾਈਵਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਖ਼ਬਰ ਵਾਇਰਲ ਹੁੰਦਿਆਂ ਹੀ ਭਾਰੀ ਗਿਣਤੀ 'ਚ ਕਾਂਗਰਸੀ ਆਗੂ, ਵਰਕਰ ਅਤੇ ਆਮ ਲੋਕ ਹਸਪਤਾਲ ਪੁੱਜੇ।