ਪਾਣੀ ਦੀ ਦੁਰਵਰਤੋਂ ਰੋਕਣ ਸਬੰਧੀ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ : ਡੀ. ਸੀ.
Wednesday, Nov 22, 2017 - 02:38 PM (IST)
ਰੂਪਨਗਰ (ਵਿਜੇ)— ਗਰਾਊਂਡ ਵਾਟਰ ਰੈਗੂਲੇਸ਼ਨ ਐਡਵਾਈਜ਼ਰੀ ਕਮੇਟੀ ਦੀ ਇਕ ਮੀਟਿੰਗ ਮੰਗਲਵਾਰ ਨੂੰ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਾਣੀ ਦੀ ਦੁਰਵਰਤੋਂ ਨੂੰ ਹਰ ਹਾਲਤ ਵਿਚ ਰੋਕਣ ਦੀ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗ ਰਿਹਾ ਹੈ। ਇਸ ਲਈ ਇਸ ਦੀ ਦੁਰਵਰਤੋਂ ਰੋਕੀ ਜਾਣੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲੇ ਦੇ ਸਮੂਹ ਸਰਵਿਸ ਸੈਂਟਰਾਂ ਦੀ ਸ਼ਨਾਖਤ ਕਰ ਲਈ ਜਾਵੇ ਅਤੇ ਇਨ੍ਹਾਂ ਸੈਂਟਰਾਂ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਦਾ ਸੋਧਿਆ ਹੋਇਆ ਪਾਣੀ, ਟੈਂਕਰਾਂ ਰਾਹੀਂ ਪ੍ਰਾਪਤ ਕਰ ਕੇ Àਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਕੀਤੇ ਪਾਣੀ ਦੀ ਦੁਰਵਰਤੋਂ ਰੋਕਣ ਸਬੰਧੀ ਨੋਟੀਫਿਕੇਸ਼ਨ ਨੂੰ ਹਰ ਹਾਲਤ ਵਿਚ ਲਾਗੂ ਕੀਤਾ ਜਾਵੇ।
ਉਨ੍ਹਾਂ ਨੇ ਸਮੂਹ ਕਾਰਜਸਾਧਕ ਅਫਸਰਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੇ ਭੰਡਾਰ ਅਤੇ ਵੇਚਣ ਵਾਲੇ ਦੁਕਾਨਦਾਰਾਂ ਦੀਆਂ ਚੈਕਿੰਗਾਂ ਕਰਨ ਲਈ ਕਿਹਾ ਅਤੇ ਅਜਿਹੀਆਂ ਚੈਕਿੰਗਾਂ ਦੀ ਸਮੇਂ ਸਿਰ ਰਿਪੋਰਟ ਭੇਜਣ ਲਈ ਵੀ ਕਿਹਾ। ਮੀਟਿੰਗ ਦੌਰਾਨ ਮੈਂਬਰ ਸਕੱਤਰ-ਕਮ-ਸਹਾਇਕ ਜਿਆਲੋਜਿਸਟ ਗਰਾਊਂਡ ਵਾਟਰ ਸੈੱਲ ਜਸਪਾਲ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਮੋਰਿੰਡਾ ਬਲਾਕ ਨੂੰ ਜ਼ਮੀਨ ਹੇਠਲੇ ਪਾਣੀ ਸਬੰਧੀ ਡਾਰਕ ਜ਼ੋਨ ਐਲਾਨ ਕੀਤਾ ਗਿਆ ਹੈ। ਇਸ ਲਈ ਮੋਰਿੰਡਾ ਬਲਾਕ ਵਿਚ ਜਦੋਂ ਵੀ ਕੋਈ ਛੋਟੀ ਜਾਂ ਵੱਡੀ ਇੰਡਸਟਰੀ ਲੱਗੇ ਤਾਂ ਉਸ ਦੀ ਅਗੇਤੀ ਪ੍ਰਵਾਨਗੀ ਲਈ ਜਾਵੇ। ਇਸ ਮੌਕੇ ਗਗਨਦੀਪ ਸਿੰਘ ਵਿਰਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਹਰਜੋਤ ਕੌਰ ਐੱਸ.ਡੀ.ਐੱਮ. ਰੂਪਨਗਰ, ਰੂਹੀ ਦੁੱਗ ਐੱਸ. ਡੀ. ਐੱਮ. ਸ੍ਰੀ ਚਮਕੌਰ ਸਾਹਿਬ ਆਦਿ ਹਾਜ਼ਰ ਸਨ।
