ਲਾਪਤਾ ਵਿਦਿਆਰਥਣ ਪਰਤੀ ਘਰ, ਸੱਚਾਈ ਜਾਣ ਪਰਿਵਾਰ ਸਣੇ ਪੁਲਸ ਦੇ ਵੀ ਉੱਡੇ ਹੋਸ਼
Monday, Mar 09, 2020 - 04:33 PM (IST)
ਜਲੰਧਰ (ਵਰੁਣ)— ਸੋਢਲ ਨਗਰ ਤੋਂ ਲਾਪਤਾ ਹੋਈ 8ਵੀਂ ਜਮਾਤ ਦੀ ਵਿਦਿਆਰਥਣ ਸਹੀ ਸਲਾਮਤ ਆਪਣੇ-ਆਪ ਹੀ ਘਰ ਵਾਪਸ ਆ ਗਈ ਹੈ। ਵਿਦਿਆਰਥਣ ਦੇ ਵਾਪਸ ਆਉਣ ਤੋਂ ਬਾਅਦ ਪੁਲਸ ਨੇ ਸੁੱਖ ਦਾ ਸਾਹ ਤਾਂ ਲਿਆ ਪਰ ਘਰ ਤੋਂ ਜਾਣ ਦਾ ਕਾਰਨ ਸੁਣ ਕੇ ਹੈਰਾਨ ਜ਼ਰੂਰ ਰਹਿ ਗਈ। ਵਿਦਿਆਰਥਣ ਨੇ ਪੁਲਸ ਨੂੰ ਦੱਸਿਆ ਕਿ ਉਹ ਚਾਈਲਡ ਐਕਟ੍ਰੈੱਸ ਬਣਨ ਲਈ ਮੁੰਬਈ ਜਾਣ ਲਈ ਨਿਕਲੀ ਸੀ, ਚੰਗਾ ਇਹ ਹੋਇਆ ਕਿ ਵਿਦਿਆਰਥਣ ਗਲਤ ਹੱਥਾਂ 'ਚ ਜਾਣ ਤੋਂ ਬਚ ਗਈ ਅਤੇ ਗਲਤੀ ਦਾ ਅਹਿਸਾਸ ਹੋਣ 'ਤੇ ਐਤਵਾਰ ਤੜਕੇ 4 ਵਜੇ ਘਰ ਵਾਪਸ ਆ ਗਈ।
ਟੀ. ਵੀ. ਸੀਰੀਅਲ ਤੋਂ ਪ੍ਰੇਰਿਤ ਹੋ ਕੇ ਚੁੱਕਿਆ ਸੀ ਇਹ ਕਦਮ
ਥਾਣਾ-8 ਦੇ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਉਹ ਟੀ. ਵੀ. ਸੀਰੀਅਲ ਤੋਂ ਪ੍ਰੇਰਿਤ ਹੋ ਕੇ ਚਾਈਲਡ ਐਕਟ੍ਰੈੱਸ ਬਣਨਾ ਚਾਹੁੰਦੀ ਸੀ। ਸ਼ਨੀਵਾਰ ਨੂੰ ਟਿਊਸ਼ਨ ਦੇ ਬਾਅਦ ਉਹ ਪੈਦਲ ਹੀ ਦੋਆਬਾ ਚੌਕ ਪਹੁੰਚੀ, ਜਿਸ ਤੋਂ ਬਾਅਦ ਆਟੋ 'ਚ ਬੈਠ ਕੇ ਸਿਟੀ ਰੇਲਵੇ ਸਟੇਸ਼ਨ ਪਹੁੰਚ ਗਈ। ਸਟੇਸ਼ਨ ਤੋਂ ਉਸ ਨੇ ਦਿੱਲੀ ਜਾਣ ਦੀ ਟਰੇਨ ਲਈ ਪਰ ਉੱਥੇ ਕਿਸੇ ਵੱਲੋਂ ਪੁੱਛਣ 'ਤੇ ਪਤਾ ਲੱਗਾ ਕਿ ਦਿੱਲੀ ਲਈ ਹੁਣੇ ਕੋਈ ਟਰੇਨ ਨਹੀਂ ਹੈ। ਇਸੇ ਦੌਰਾਨ ਉਥੇ ਸ਼ਤਾਬਦੀ ਆ ਗਈ ਅਤੇ ਉਹ ਸ਼ਤਾਬਦੀ 'ਚ ਬੈਠ ਕੇ ਚੰਡੀਗੜ੍ਹ ਪਹੁੰਚ ਗਈ।
ਵਿਦਿਆਰਥਣ ਨੇ ਦੱਸਿਆ ਕਿ ਉਸ ਨੇ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਟਰੇਨ ਫੜਨੀ ਸੀ। ਉਹ ਕਾਫੀ ਡਰੀ ਵੀ ਹੋਈ ਸੀ। ਕਾਫੀ ਦੇਰ ਤੱਕ ਜਦੋਂ ਦਿੱਲੀ ਜਾਣ ਲਈ ਕੋਈ ਟਰੇਨ ਨਹੀਂ ਆਈ ਤਾਂ ਅਜਿਹੇ 'ਚ ਵਿਦਿਆਰਥਣ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਬੱਸ ਫੜ ਕੇ ਜਲੰਧਰ ਵਾਪਸ ਪਹੁੰਚ ਗਈ ਅਤੇ ਫਿਰ ਆਟੋ 'ਚ ਆਪਣੇ ਘਰ ਵਾਪਸ ਪਰਤ ਆਈ। ਪੁਲਸ ਦੀ ਮੰਨੀਏ ਤਾਂ ਵਿਦਿਆਰਥਣ ਨੇ ਦਿੱਲੀ ਜਾਣ ਤੋਂ ਬਾਅਦ ਮੁੰਬਈ ਦੀ ਟਰੇਨ ਫੜਨੀ ਸੀ। ਥਾਣਾ ਨੰ. 8 ਦੇ ਮੁਖੀ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਵਿਦਿਆਰਥਣ ਸਹੀ ਸਲਾਮਤ ਹੈ।
ਦੱਸ ਦਈਏੇ ਕਿ ਸੋਢਲ ਨਗਰ 'ਚ ਘਰ 'ਚੋਂ ਟਿਊਸ਼ਨ ਪੜ੍ਹਨ ਨਿਕਲੀ 8ਵੀਂ ਜਮਾਤ ਦੀ ਵਿਦਿਆਰਥਣ ਅਚਾਨਕ ਲਾਪਤਾ ਹੋ ਗਈ ਸੀ। ਕਾਫੀ ਸਮੇਂ ਬਾਅਦ ਉਹ ਘਰ ਨਹੀਂ ਪਰਤੀ ਤਾਂ ਪਰਿਵਾਰ ਨੇ ਕਾਫ਼ੀ ਥਾਵਾਂ 'ਤੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀ। ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਨੰ. 8 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਵਿਦਿਆਰਥਣ ਮੂੰਹ ਢਕ ਕੇ ਜਾਂਦੀ ਦਿਖਾਈ ਦਿੱਤੀ। ਦੋਆਬਾ ਚੌਕ ਤਕ ਉਸ ਦੇ ਪੈਦਲ ਜਾਣ ਦੀ ਫੁਟੇਜ ਮਿਲੀ ਸੀ। ਦੇਰ ਰਾਤ ਤਕ ਵਿਦਿਆਰਥਣ ਨੂੰ ਲੱਭਣ ਲਈ ਪੁਲਸ ਕਰਮੀ ਅਤੇ ਉਸ ਦੇ ਪਰਿਵਾਰ ਵਾਲੇ ਕੋਸ਼ਿਸ਼ ਕਰਦੇ ਰਹੇ।