ਹਰਨਾਜ਼ ਸੰਧੂ ਇਨ੍ਹਾਂ ਦੋ ਸਵਾਲਾਂ ਦਾ ਜਵਾਬ ਦੇ ਕੇ ਬਣੀ ''ਮਿਸ ਯੂਨੀਵਰਸ''
Monday, Dec 13, 2021 - 10:51 AM (IST)
ਨਵੀਂ ਦਿੱਲੀ (ਬਿਊਰੋ) : 21 ਸਾਲ ਬਾਅਦ ਭਾਰਤ ਲਈ ਸੁਨਹਿਰੀ ਪਲ ਆਇਆ ਹੈ। ਇਜ਼ਰਾਈਲ ਦੀ ਧਰਤੀ ਤੋਂ ਇੱਕ ਦੇਸ਼ ਲਈ ਖੁਸ਼ਖਬਰੀ ਆਈ ਹੈ। 21 ਸਾਲਾ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਦਾ ਤਾਜ ਜਿੱਤਿਆ ਹੈ ਪਰ ਅਜਿਹਾ ਕਿਹੜਾ ਸਵਾਲ ਹੈ, ਜਿਸ ਦੇ ਜਵਾਬ ਨੇ ਉਸ ਨੂੰ ਇਸ ਮੁਕਾਬਲੇ ਦਾ ਬਾਦਸ਼ਾਹ ਬਣਾ ਦਿੱਤਾ। ਆਓ ਜਾਣਦੇ ਹਾਂ ਇਸ ਦਿਲਚਸਪ ਕਿੱਸੇ ਬਾਰੇ -
ਇਸ ਸਵਾਲ ਦਾ ਦਿੱਤਾ ਜਵਾਬ
ਪੈਰਾਗੁਏ ਅਤੇ ਦੱਖਣੀ ਅਫਰੀਕਾ ਦੀਆਂ ਸੁੰਦਰੀਆਂ ਵੀ ਇਸ ਪ੍ਰਤੀਯੋਗਿਤਾ ਦੇ ਟੌਪ 'ਚ 3 ਪਹੁੰਚੀਆਂ ਹਨ। ਸ਼ੁਰੂਆਤੀ ਦੌਰ 'ਚ ਉਸ ਨੂੰ ਸਵਾਲ ਪੁੱਛਿਆ ਗਿਆ, 'ਅੱਜ ਦੇ ਦਬਾਅ ਨਾਲ ਨਜਿੱਠਣ ਲਈ ਤੁਸੀਂ ਨੌਜਵਾਨ ਔਰਤਾਂ ਨੂੰ ਕੀ ਸਲਾਹ ਦਿਓਗੇ। ਇਸ 'ਤੇ ਹਰਨਾਜ਼ ਕੌਰ ਸੰਧੂ ਨੇ ਕਿਹਾ, ''ਅੱਜ ਦੇ ਨੌਜਵਾਨਾਂ 'ਤੇ ਸਭ ਤੋਂ ਵੱਡਾ ਦਬਾਅ ਆਪਣੇ ਆਪ 'ਤੇ ਵਿਸ਼ਵਾਸ ਕਰਨਾ ਹੈ। ਇਹ ਜਾਣਨਾ ਕਿ ਤੁਸੀਂ ਵਿਲੱਖਣ ਹੋ ਜੋ ਤੁਹਾਨੂੰ ਸੁੰਦਰ ਬਣਾਉਂਦਾ ਹੈ। ਦੂਜਿਆਂ ਨਾਲ ਆਪਣੀ ਤੁਲਨਾ ਕਰਨਾ ਬੰਦ ਕਰੋ ਅਤੇ ਦੁਨੀਆ ਭਰ 'ਚ ਵਾਪਰ ਰਹੀਆਂ ਹੋਰ ਮਹੱਤਵਪੂਰਨ ਚੀਜ਼ਾਂ ਬਾਰੇ ਗੱਲ ਕਰੋ। ਬਾਹਰ ਆਓ, ਆਪਣੇ ਲਈ ਬੋਲੋ, ਕਿਉਂਕਿ ਤੁਸੀਂ ਆਪਣੇ ਜੀਵਨ ਦੇ ਆਗੂ ਹੋ, ਤੁਸੀਂ ਆਪਣੀ ਆਵਾਜ਼ ਹੋ। ਮੈਨੂੰ ਆਪਣੇ-ਆਪ 'ਤੇ ਵਿਸ਼ਵਾਸ ਸੀ ਅਤੇ ਇਸੇ ਲਈ ਮੈਂ ਅੱਜ ਇੱਥੇ ਖੜ੍ਹੀ ਹਾਂ।''
ਟੌਪ 5 'ਚ ਹਰਨਾਜ਼ ਨੂੰ ਪੁੱਛਿਆ ਗਿਆ ਕਿ 'ਕਈ ਲੋਕ ਸੋਚਦੇ ਹਨ ਕਿ ਜਲਵਾਯੂ ਤਬਦੀਲੀ ਇੱਕ ਧੋਖਾ ਹੈ, ਨਹੀਂ ਤਾਂ ਤੁਸੀਂ ਉਨ੍ਹਾਂ ਨੂੰ ਮਨਾਉਣ ਲਈ ਕੀ ਕਰੋਗੇ?' ਹਰਨਾਜ਼ ਨੇ ਆਪਣੇ ਜਵਾਬ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਜਦੋਂ ਉਸ ਨੇ ਕਿਹਾ, ''ਮੇਰਾ ਦਿਲ ਇਹ ਦੇਖ ਕੇ ਟੁੱਟ ਜਾਂਦਾ ਹੈ ਕਿ ਕੁਦਰਤ ਕਿੰਨੀਆਂ ਮੁਸ਼ਕਿਲਾਂ 'ਚੋਂ ਲੰਘ ਰਹੀ ਹੈ ਅਤੇ ਇਹ ਸਭ ਸਾਡੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਾਰਨ ਹੈ। ਮੈਂ ਪੂਰੀ ਤਰ੍ਹਾਂ ਸੋਚਦੀ ਹਾਂ ਕਿ ਇਹ ਕਾਰਵਾਈ ਕਰਨ ਅਤੇ ਘੱਟ ਗੱਲ ਕਰਨ ਦਾ ਸਮਾਂ ਹੈ ਕਿਉਂਕਿ ਸਾਡਾ ਹਰ ਕਾਰਜ ਕੁਦਰਤ ਨੂੰ ਬਚਾ ਸਕਦਾ ਹੈ ਜਾਂ ਮਾਰ ਸਕਦਾ ਹੈ। ਪਛਤਾਵਾ ਅਤੇ ਮੁਰੰਮਤ ਨਾਲੋਂ ਰੋਕਥਾਮ ਅਤੇ ਸੁਰੱਖਿਆ ਬਿਹਤਰ ਹੈ। ਇਹ ਉਹ ਹੈ, ਜੋ ਮੈਂ ਅੱਜ ਤੁਹਾਨੂੰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ।''
ਟੌਪ 3 'ਚ ਰਹੀਆਂ ਇਹ ਹਸੀਨਾਵਾਂ
1. ਹਰਨਾਜ਼ ਕੌਰ ਸੰਧੂ ਪਹਿਲੇ ਸਥਾਨ 'ਤੇ
2. ਮਿਸ ਪਰਾਗਵੇ ਦੂਜੇ ਸਥਾਨ 'ਤੇ ਰਹੀ
3. ਮਿਸ ਸਾਊਥ ਅਫਰੀਕਾ ਤੀਜੇ ਸਥਾਨ 'ਤੇ ਰਹੀ।
ਭਾਰਤ ਨੂੰ 2 ਵਾਰ ਮਿਲ ਚੁੱਕੀ ਹੈ ਸਫ਼ਲਤਾ
ਮਿਸ ਯੂਨੀਵਰਸ ਪ੍ਰਤੀਯੋਗਤਾ 'ਚ ਭਾਰਤ ਨੇ ਦੋ ਵਾਰ ਆਪਣੀ ਜਗ੍ਹਾ ਬਣਾਈ ਹੈ। ਹਰਨਾਜ਼ ਭਾਰਤ ਦੀ ਤੀਜੀ ਮਿਸ ਯੂਨੀਵਰਸ ਹੈ। ਸਾਲ 1994 'ਚ ਅਦਾਕਾਰਾ ਸੁਸ਼ਮਿਤਾ ਸੇਨ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ, ਉਨ੍ਹਾਂ ਨੇ ਇਹ ਤਾਜ ਹਾਸਲ ਕੀਤਾ ਸੀ। ਉਥੇ ਹੀ ਸਾਲ 2000 'ਚ ਅਦਾਕਾਰਾ ਲਾਰਾ ਦੱਤਾ ਨੇ ਇਸ ਤਾਜ ਨੂੰ ਆਪਣੇ ਨਾਂ ਕੀਤਾ ਸੀ।
ਜੱਜ ਬਣਨਾ ਚਾਹੁੰਦੀ ਹੈ ਹਰਨਾਜ਼
ਸੈਕਟਰ-42 ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਗਰਲਜ਼ ਕਾਲਜ (GCG) ਦੀ ਵਿਦਿਆਰਥਣ ਹਰਨਾਜ਼ ਕੌਰ ਸੰਧੂ ਮੂਲ ਰੂਪ 'ਚ ਪੰਜਾਬ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਹੁਣ ਉਸ ਦਾ ਪੂਰਾ ਪਰਿਵਾਰ ਮੋਹਾਲੀ 'ਚ ਰਹਿੰਦਾ ਹੈ।
ਹਰਨਾਜ਼ ਦੀ ਮਾਂ ਦੱਸਦੀ ਹੈ ਕਿ ਉਸ ਦੀ ਧੀ ਬਚਪਨ ਤੋਂ ਹੀ ਜੱਜ ਬਣਨਾ ਚਾਹੁੰਦੀ ਹੈ। ਹਰਨਾਜ਼ ਨੇ ਆਪਣੀ ਸਕੂਲੀ ਪੜ੍ਹਾਈ ਸੈਕਟਰ-40 ਦੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਅਤੇ 12ਵੀਂ ਸੈਕਟਰ-35 ਖਾਲਸਾ ਸਕੂਲ ਤੋਂ ਕੀਤੀ। ਥੀਏਟਰ 'ਚ ਡੂੰਘੀ ਦਿਲਚਸਪੀ ਰੱਖਣ ਵਾਲੀ ਹਰਨਾਜ਼ ਨੂੰ ਜਾਨਵਰਾਂ ਨਾਲ ਵਿਸ਼ੇਸ਼ ਲਗਾਅ ਹੈ।
1 ਮਹੀਨੇ 'ਚ ਖ਼ੁਦ ਨੂੰ ਕੀਤਾ ਇਸ ਪ੍ਰਤੀਯੋਗਤਾ ਲਈ ਤਿਆਰ
ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਦੀ ਆਪਣੀ ਵੱਡੀ ਚੁਣੌਤੀ ਬਾਰੇ ਗੱਲ ਕਰਦੇ ਹੋਏ ਹਰਨਾਜ਼ ਨੇ ਕਿਹਾ, ''ਮੇਰੇ ਅਤੇ ਮੇਰੀ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮੇਰੀ ਜਿੱਤ (ਲਿਵਾ ਮਿਸ ਦੀਵਾ ਯੂਨੀਵਰਸ 2021 ਵਜੋਂ) ਤੋਂ ਬਾਅਦ, ਸਾਡੇ ਕੋਲ ਮਿਸ ਯੂਨੀਵਰਸ ਦੀ ਤਿਆਰੀ ਲਈ ਸਿਰਫ ਇੱਕ ਮਹੀਨਾ ਸੀ। ਇੰਨੇ ਘੱਟ ਸਮੇਂ 'ਚ ਮੈਨੂੰ ਤਿਆਰ ਕਰਨਾ ਇੱਕ ਵੱਡੀ ਚੁਣੌਤੀ ਸੀ। ਟੀਮ ਅਤੇ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ।''
ਇਸ ਤੋਂ ਪਹਿਲਾਂ ਵੀ ਜਿੱਤ ਚੁੱਕੀ ਹੈ ਕਈ ਖਿਤਾਬ
ਹਰਨਾਜ਼ ਦੀ ਗੱਲ ਕਰੀਏ ਤਾਂ ਮਾਡਲ-ਅਦਾਕਾਰਾ ਨੂੰ ਅਕਤੂਬਰ 'ਚ ਮਿਸ ਯੂਨੀਵਰਸ ਇੰਡੀਆ 2021 ਦਾ ਤਾਜ ਪਹਿਨਾਇਆ ਗਿਆ ਸੀ। ਹਰਨਾਜ਼ ਨੇ ਸਾਲ 2017 'ਚ ਟਾਈਮਜ਼ ਫਰੈਸ਼ ਫੇਸ ਬੈਕ ਨਾਲ ਆਪਣੀ ਸੁੰਦਰਤਾ ਪ੍ਰਤੀਯੋਗਤਾ ਦੀ ਸ਼ੁਰੂਆਤ ਕੀਤੀ। 21 ਸਾਲਾ ਦੀਵਾ ਇਸ ਸਮੇਂ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਮਾਸਟਰਜ਼ ਕਰ ਰਹੀ ਹੈ। ਉਸ ਨੇ ਫੈਮਿਨਾ ਮਿਸ ਇੰਡੀਆ ਪੰਜਾਬ 2019 ਵਰਗੇ ਕਈ ਪ੍ਰਤੀਯੋਗੀ ਖਿਤਾਬ ਵੀ ਜਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।