ਪਟਨਾ ਸਾਹਿਬ ''ਚ ਵੱਸਿਆ ''ਮਿੰਨੀ ਪੰਜਾਬ'', ਸਹੂਲਤਾਂ ਕਰਨਗੀਆਂ ਹੈਰਾਨ
Friday, Dec 22, 2017 - 01:17 AM (IST)
ਪਟਨਾ ਸਾਹਿਬ (ਰਮਨਦੀਪ ਸਿੰਘ ਸੋਢੀ, ਹਰਪ੍ਰੀਤ ਸਿੰਘ ਕਾਹਲੋਂ)— ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸ਼ੁਕਰਾਨਾ ਸਮਾਗਮ ਅਤੇ 351 ਸਾਲਾਂ ਪ੍ਰਕਾਸ਼ ਪੁਰਬ ਮਨਾਉਣ ਲਈ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਹੁੰਮ-ਹੁਮਾ ਕੇ ਪੁੱਜਣੀਆਂ ਸ਼ੁਰੂ ਹੋ ਚੁੱਕੀਆਂ ਹਨ। ਗੁਰੂ ਸਾਹਿਬ ਦੀ ਜਨਮ ਭੂਮੀ ਵਿਖੇ 'ਸਤਿ ਸ੍ਰੀ ਅਕਾਲ' ਅਤੇ 'ਜੀ ਆਇਆਂ ਨੂੰ' ਕਹਿ ਕੇ ਸੰਗਤਾਂ ਦਾ ਸਵਾਗਤ ਹੋ ਰਿਹਾ ਹੈ।
22 ਦਸੰਬਰ ਤੋਂ 25 ਦਸੰਬਰ ਤੱਕ ਚੱਲਣ ਵਾਲੇ ਇਹ ਰੂਹਾਨੀ ਜਲੌਅ ਅੰਦਰ ਸੁਰੱਖਿਆ ਨੂੰ ਲੈ ਕੇ ਬਿਹਾਰ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ ਪਟਨਾ ਬਾਈਪਾਸ 'ਤੇ ਲੱਗਭਗ 30 ਏਕੜ ਥਾਂ 'ਤੇ ਟੈਂਟ ਸਿਟੀ ਬਣਾਇਆ ਗਿਆ ਹੈ, ਜਿਸ 'ਚ 35,000 ਸੰਗਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।
ਸੁਰੱਖਿਆ ਪੱਖੋਂ ਵੇਖੀਏ ਤਾਂ ਟੈਂਟ ਸਿਟੀ ਸਮੇਤ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਦੇ ਆਲੇ-ਦੁਆਲੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਜਾਲ ਵਿਛਾਇਆ ਗਿਆ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਬਾਹਰੋਂ ਆਉਣ ਵਾਲੀ ਸੰਗਤ ਦੀ ਸਹੂਲਤ ਦੇ ਲਈ ਪੂਰੇ ਸ਼ਹਿਰ ਅੰਦਰ ਲੱਗਭਗ 50 ਹੈਲਪ ਡੈਸਕ ਬਣਾਏ ਗਏ ਹਨ। ਇਸ ਤੋਂ ਇਲਾਵਾ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸਬੰਧਿਤ ਗੁਰਦੁਆਰਾ ਸਾਹਿਬਾਨ ਲਈ ਵੀ ਪੁਲਸ ਵੱਲੋਂ ਪ੍ਰਬੰਧ ਉਚੇਚੇ ਤੌਰ 'ਤੇ ਹਨ।
ਜਾਣਕਾਰੀ ਮੁਤਾਬਕ 6,000 ਤੋਂ ਵੱਧ ਸੰਗਤਾਂ ਗੁਰਪੁਰਬ ਦੇ ਮੌਕੇ ਦਰਸ਼ਨਾਂ ਲਈ ਪਹੁੰਚ ਚੁੱਕੀਆਂ ਹਨ। ਜੈ ਪ੍ਰਕਾਸ਼ ਨਾਰਾਇਣ ਹਵਾਈ ਅੱਡੇ ਤੋਂ ਮਿਲੀ ਜਾਣਕਾਰੀ ਮੁਤਾਬਕ 21 ਤਰੀਕ ਤੱਕ 130 ਸ਼ਰਧਾਲੂ ਹਵਾਈ ਸਫਰ ਰਾਹੀਂ ਪਟਨਾ ਸਾਹਿਬ ਪਹੁੰਚ ਚੁੱਕੇ ਹਨ। ਇਸੇ ਤਰ੍ਹਾਂ ਸ਼ਰਧਾਲੂ ਰੇਲ ਸਫਰ ਰਾਹੀਂ ਵੀ ਪਹੁੰਚ ਰਹੇ ਹਨ। ਸਬੰਧਿਤ ਮਹਿਕਮੇ ਦੀ ਜਾਣਕਾਰੀ ਮੁਤਾਬਕ ਸੰਗਤਾਂ ਦੀ ਸਹੂਲਤ ਲਈ ਬਾਕਾਇਦਾ ਸਾਰੇ ਇੰਤਜ਼ਾਮ ਕੀਤੇ ਗਏ ਹਨ। ਯਾਤਰੀਆਂ ਦੀ ਆਵਾਜਾਈ ਲਈ ਬਿਹਾਰ ਸਰਕਾਰ ਵੱਲੋਂ 200 ਬੱਸਾਂ ਮੁਫਤ ਸੇਵਾ 'ਚ ਹਾਜ਼ਰ ਹਨ। ਇਨ੍ਹਾਂ ਬੱਸਾਂ ਅੰਦਰ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ।
ਹੋਟਲ ਨੂੰ ਮਾਤ ਪਾਉਂਦੀਆਂ ਨੇ ਸਹੂਲਤਾਂ
ਟੈਂਟ ਸਿਟੀ 'ਚ ਰਹਿਣ ਵਾਲੀ ਸੰਗਤ ਲਈ ਮੌਸਮ ਦੇ ਹਿਸਾਬ ਨਾਲ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। 35 ਹਜ਼ਾਰ ਸੰਗਤ ਦੀ ਸਮਰੱਥਾ ਵਾਲੇ ਇਸ ਸ਼ਹਿਰ ਅੰਦਰ ਹਰ ਉਹ ਸਹੂਲਤ ਦਿੱਤੀ ਗਈ ਹੈ, ਜੋ ਸ਼ਾਇਦ ਕਿਸੇ ਮਹਿੰਗੇ ਹੋਟਲ 'ਚ ਵੀ ਨਹੀਂ ਮਿਲ ਸਕਦੀ ਪਰ ਇਹ ਜ਼ਿਕਰਯੋਗ ਹੈ ਕਿ ਪੂਰੇ ਪਟਨਾ ਸਾਹਿਬ 'ਚ ਸਾਰੇ ਗੁਰਦੁਆਰਿਆਂ ਅਤੇ ਸਰਕਾਰੀ ਰਿਹਾਇਸ਼ਾਂ ਨੂੰ ਜੋੜ ਦੇਈਏ ਤਾਂ ਕਈ ਹਜ਼ਾਰ ਸ਼ਰਧਾਲੂਆਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ। ਗੁਰਦੁਆਰਾ ਕੰਗਣਘਾਟ ਵਿਖੇ ਵੀ 5000 ਸ਼ਰਧਾਲੂਆਂ ਦੀ ਸਮੱਰਥਾ ਵਾਲਾ ਛੋਟਾ ਟੈਂਟ ਸਿਟੀ ਉਚੇਚੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਟੈਂਟ 'ਚ ਰਹਿਣ ਵਾਲੇ ਸ਼ਰਧਾਲੂਆਂ ਨੂੰ ਕੰਬਲ, ਸਰਹਾਣੇ ਦੇ ਨਾਲ ਪੂਰਾ ਬਿਸਤਰ, ਟੈਂਟ 'ਚ ਠੰਡ ਤੋਂ ਬਚਣ ਲਈ ਹੀਟਰ, ਚਾਰਜਿੰਗ ਪੁਆਇੰਟ, ਪੀਣ ਲਈ ਪਾਣੀ, ਚੇਂਜਿੰਗ ਰੂਮ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੈਂਟ ਸਿਟੀ 'ਚ ਰਹਿਣ ਵਾਲੇ ਬਜ਼ੁਰਗਾਂ ਤੇ ਬੱਚਿਆਂ ਨੂੰ ਤਖਤ ਸਾਹਿਬ ਦੇ ਦਰਸ਼ਨਾਂ ਲਈ ਮੁਫਤ ਈ-ਰਿਕਸ਼ਾ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਟੈਂਟ ਸਿਟੀ ਅੰਦਰ ਆਈ. ਸੀ. ਯੂ. ਦੀ ਸਹੂਲਤ ਵਾਲੇ ਦੋ ਵਕਤੀ ਹਸਪਤਾਲ ਬਣਾਏ ਗਏ ਹਨ, ਅਪਾਹਿਜ ਸ਼ਰਧਾਲੂਆਂ ਲਈ ਵ੍ਹੀਲਚੇਅਰ ਦੀ ਵੀ ਖਾਸ ਵਿਵਸਥਾ ਕੀਤੀ ਗਈ ਹੈ। ਟੈਂਟ ਸਿਟੀ 'ਚ ਸ਼ਰਧਾਲੂਆਂ ਦੀ ਸਹੂਲਤ ਲਈ ਸਾਈਨ ਬੋਰਡ, ਗਠੜੀ ਘਰ, ਜੋੜਾ ਘਰ ਅਤੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
