ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਵਿਭਾਗ ਦੇ ਆਨਲਾਈਨ ਸਿਖਲਾਈ ਪ੍ਰੋਗਰਾਮਾਂ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ

10/09/2020 9:36:14 PM

ਐਸ.ਏ.ਐਸ ਨਗਰ- ਕੋਵਿਡ ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਨੇ ਲੋਕ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਵਿਭਾਗ ਵਿਚ ਆਨਲਾਈਨ ਵਿਧੀ ਲਾਗੂ ਕੀਤੀ ਹੈ।ਇਸ ਦੇ ਚਲਦਿਆਂ ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ ਡੇਅਰੀ ਫਾਰਮਰਾਂ ਨੂੰ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਆਨਲਾਈਨ ਸ਼ਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਹਨ। 
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੇ ਕਾਰਨ ਜਿੱਥੇ ਦੇਸ ਦੀ ਅਰਥ ਵਿਵਸਥਾ 'ਤੇ ਮਾੜਾ ਅਸਰ ਪਿਆ ਹੈ ਉੱਥੇ ਸਰਕਾਰੀ ਗਤੀਵਿਧੀਆਂ ਵਿੱਚ ਵੀ ਖੜੌਤ ਆਈ ਹੈ। ਜਿਸ ਦਾ ਅਸਰ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਸਿਖਲਾਈਆਂ ਪ੍ਰੋਗਰਾਮਾਂ 'ਤੇ ਵੀ ਪਿਆ ਹੈ।
ਇਸ ਖੜੌਤ ਨੂੰ ਤੋੜਨ ਲਈ ਹੁਣ ਡੇਅਰੀ ਵਿਕਾਸ ਵਿਭਾਗ ਨੇ ਆਨਲਾਈਨ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਜਿਸ ਦੇ ਤਹਿਤ 19 ਅਕਤੂਬਰ, 2020 ਤੋਂ 30 ਅਕਤੂਬਰ ਤੱਕ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਘਰੇ ਬੈਠੇ ਹੀ ਆਨ-ਲਾਈਨ ਸਿਖਲਾਈ ਦੇਣ ਲਈ ਪ੍ਰੋਗਰਾਮ ਚਲਾਇਆ ਜਾਵੇਗਾ। 
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ, ਪੰਜਾਬ  ਵਲੋਂ ਦੁੱਧ ਉਤਪਾਦਕਾਂ ਨੂੰ ਆਨਲਾਈਨ ਸਿਖਲਾਈ ਦੇਣ ਲਈ ਵਿਭਾਗ ਵਲੋਂ 15 ਪ੍ਰੋਗਰਾਮ ਚਲਾਏ ਜਾਣਗੇ, ਜਿਸ ਦੇ ਤਹਿਤ 19 ਅਕਤੂਬਰ ਤੋਂ ਸ਼ੂਰੂ ਹੋ ਰਹੇ  ਇਸ ਦੋ ਹਫਤੇ ਦੇ ਆਨਲਾਈਨ ਪ੍ਰੋਗਰਾਮ ਦੌਰਾਨ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ ਰਖਾਓ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਇੰਨਾਂ ਸਿਖਲਾਈ ਪ੍ਰੋਗਰਾਮ ਵਿੱਚ ਵਿਭਾਗ ਵਲੋਂ ਪਸ਼ੂ ਖਰੀਦਣ ਲਈ ਕਰਜੇ ਦੀ ਸਹੂਲਤ, ਪਸ਼ੂਆਂ ਦੇ ਸੁਚੱਜੇ ਸੈਡ, ਸਿੰਗਲ ਰੋਅ ਫੌਡਰ ਹਾਰਵੈਸਟਰ, ਸੈਲਫ ਪ੍ਰੋਪੈਲਡ ਫੌਰੇਜ਼ ਕਟਰ, ਆਟੋਮੈਟਿਕ ਮਿਲਕ ਡਿਸਪੈਂਸਿੰਗ ਯੁਨਿਟ, ਆਟੋਮੈਟਿਕ ਸਾਈਲੇਜ਼ ਬੇਲਰ ਕਮ ਰੈਪਰ ਮਸੀਨ ਦੀ ਖਰੀਦ ਤੇ ਸਬਸਿਡੀ ਦੀ ਸਹੂਲਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। 
ਉਹਨਾਂ ਨੇ ਜ਼ਿਲ੍ਹੇ ਦੇ ਸਮੂਹ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਸਿਖਲਾਈ ਪ੍ਰੋਗਰਾਮਾਂ ਵਿਚ ਸ਼ਾਮਿਲ ਹੋ ਕੇ ਸਿਖਲਾਈ ਲੈਣ ਲਈ ਉਹ ਚਤਾਮਲੀ  ਦੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਜਾ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰਨ। 
ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਕੁਲਦੀਪ ਸਿੰਘ ਜੱਸੋਵਾਲ ਨੇ ਦੱਸਿਆ ਕਿ ਇਸ ਆਨਲਾਈਨ ਸਿਖਲਾਈ ਸਕੀਮ ਤਹਿਤ ਸਿਖਲਾਈ ਉਨਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ ਜਿਨਾਂ ਦੀ ਉਮਰ 18 ਸਾਲ ਤੋ 50 ਸਾਲ ਦੇ ਦਰਮਿਆਨ ਹੋਵੇ, ਘੱਟੋ ਘੱਟ ਪੰਜਵੀ ਪਾਸ ਹੋਵੇ। 
ਉਨ੍ਹਾਂ ਨੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਇਸ ਡੇਅਰੀ ਸਿਖਲਾਈ ਨੂੰ ਪ੍ਰਾਪਤ ਕਰਕੇ ਆਪਣੇ ਡੇਅਰੀ ਧੰਦੇ ਨੂੰ ਵਪਾਰਕ ਲੀਹਾ ਤੇ ਲੈ ਕੇ ਜਾਣਾ ਚਾਹੀਦਾ ਹੈ। ਅੱਜ ਦੇ ਸਮੇ ਦੋਰਾਨ ਖੇਤੀ ਬਾੜੀ ਦੇ ਫਸਲੀ ਚੱਕਰ ਦੇ ਬਦਲਾਅ ਲਈ ਡੇਅਰੀ ਦਾ ਧੰਦਾ ਅਪਨਾਉਣਾ ਚਾਹੀਦਾ ਹੈ।
ਚਾਹਵਾਨ ਕਿਸਾਨ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਮਾਰਫਤ ਜਿਲਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ ਨਗਰ ਦੇ ਕਮਰਾ ਨੰਬਰ 434, ਤੀਜੀ ਮੰਜਿਲ ਤੇ ਬਿਨੈ ਪੱਤਰ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫਤਰ ਦੇ ਫੋਨ ਨੰ:0172-2219276 ਤੇ ਸੰਪਰਕ ਸੰਪਰਕ ਕੀਤਾ ਜਾ ਸਕਦਾ ਹੈ।


Bharat Thapa

Content Editor

Related News