ਪ੍ਰਵਾਸੀ ਮਜ਼ਦੂਰਾਂ ਦਾ ਘਰਾਂ ਵੱਲ ਕੂਚ ਕਰਨਾ ਪੰਜਾਬ ਦੀ ਅਰਥ ਵਿਵਸਥਾ ਨੂੰ ਕਰ ਸਕਦੈ ਪ੍ਰਭਾਵਿਤ

05/07/2020 1:06:22 PM

ਬੱਸੀ ਪਠਾਣਾਂ (ਰਾਜਕਮਲ): ਪੰਜਾਬ ਅੰਦਰ ਕਰਫ਼ਿਊ 'ਚ ਫਸੇ ਅਤੇ ਬੇਰੋਜ਼ਗਾਰ ਹੋ ਚੁੱਕੇ ਪ੍ਰਵਾਸੀ ਮਜ਼ਦੂਰ ਲਾਚਾਰ ਹੋ ਕੇ ਆਪਣੇ ਘਰਾਂ ਵੱਲ ਕੂਚ ਕਰ ਰਹੇ ਹਨ ਅਤੇ ਸੂਬਾ ਸਰਕਾਰ ਵਲੋਂ ਵੀ ਉਨ੍ਹਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਵਾਪਸ ਭੇਜਿਆ ਜਾ ਰਿਹਾ ਹੈ। ਕੋਰੋਨਾ ਸੰਕਟ ਨੇ ਜਿੱਥੇ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ, ਉੱਥੇ ਵੱਖ-ਵੱਖ ਸੂਬਿਆਂ 'ਚ ਫਸੇ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਬਹੁਤ ਚਿੰਤਤ ਹਨ ਪਰ ਪੰਜਾਬ ਦੀ ਅਰਥ ਵਿਵਸਥਾ 'ਚ ਇਨ੍ਹਾਂ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਇਨ੍ਹਾਂ ਦੇ ਵਾਪਸ ਜਾਣ ਨਾਲ ਸੂਬੇ ਦੀ ਕਿਸਾਨੀ ਤੇ ਉਦਯੋਗਿਕ ਖੇਤਰਾਂ ਨੂੰ ਘਾਟਾ ਪੈਣਾ ਯਕੀਨੀ ਹੈ। ਇਸ ਨਾਲ ਜਿੱਥੇ ਪੰਜਾਬ ਦੀ ਅਰਥ ਵਿਵਸਥਾ ਪ੍ਰਭਾਵਿਤ ਹੋਵੇਗੀ ਉੱਥੇ ਪੰਜਾਬ ਦੇ ਲੋਕਾਂ 'ਤੇ ਕੰਮ ਦਾ ਵਾਧੂ ਬੋਝ ਪੈਣ ਦਾ ਵੀ ਸੰਕਟ ਹੈ।

ਇਹ ਵੀ ਪੜ੍ਹੋ:ਮੋਗਾ 'ਚ ਪਹਿਲੇ ਦਿਨ ਨਹੀਂ ਖੁੱਲ੍ਹੇ ਸ਼ਰਾਬ ਦੇ ਠੇਕੇ, ਠੇਕੇਦਾਰਾਂ ਨੇ ਲਾਏ ਸਰਕਾਰ 'ਤੇ ਵੱਡੇ ਦੋਸ਼

ਕਣਕ ਦੇ ਸੀਜ਼ਨ ਦੌਰਾਨ ਜਿੱਥੇ ਮੰਡੀਆਂ 'ਚ ਲਿਫ਼ਟਿੰਗ, ਫਸਲ ਦੀ ਸਫ਼ਾਈ ਤੇ ਭਰਾਈ ਲਈ ਇਹ ਮਜ਼ਦੂਰ ਬੜੀ ਮੁਸ਼ਕਲ ਨਾਲ ਉਪਲੱਬਧ ਹੋ ਰਹੇ ਹਨ, ਉੱਥੇ ਹੁਣ ਜ਼ੀਰੀ ਦਾ ਸੀਜ਼ਨ ਸ਼ੁਰੂ ਹੋਣ 'ਤੇ ਇਨ੍ਹਾਂ ਮਜ਼ਦੂਰਾਂ ਦੀ ਕਮੀ ਕਾਰਣ ਕਿਸਾਨਾਂ ਨੂੰ ਲਾਜ਼ਮੀ ਤੌਰ 'ਤੇ ਬਹੁਤ ਮਿਹਨਤ ਕਰਨੀ ਪਵੇਗੀ, ਕਿਉਂਕਿ ਜਦੋਂ ਵੀ ਕਣਕ ਤੇ ਜ਼ੀਰੀ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਰੋਜ਼ੀ-ਰੋਟੀ ਲਈ ਪੰਜਾਬ 'ਚ ਆਉਂਦੇ ਹਨ ਤੇ ਕਿਸਾਨਾਂ ਵਲੋਂ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਜਾਂ ਬੱਸ ਅੱਡਿਆਂ ਤੋਂ ਆਪਣੇ ਵਾਹਨਾਂ ਰਾਹੀਂ ਲਿਆ ਕੇ ਉਨ੍ਹਾਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਪਰ ਇਸ ਵਾਰ ਅਜਿਹਾ ਹੋਣਾ ਸੰਭਵ ਨਹੀਂ ਹੈ ਕਿਉਂਕਿ ਪ੍ਰਵਾਸ਼ੀ ਮਜ਼ਦੂਰ ਹੁਣ ਪੰਜਾਬ ਤੋਂ ਆਪਣੇ ਘਰਾਂ ਵੱਲ ਰੁਖ ਕਰਨ ਲਈ ਬੇਤਾਬ ਹਨ। ਇਸ ਤੋਂ ਇਲਾਵਾ ਵੱਖ ਵੱਖ ਫੈਕਟਰੀਆਂ ਤੇ ਉਦਯੋਗਿਕ ਇਕਾਈਆਂ 'ਚ ਵੀ ਇਨ੍ਹਾਂ ਮਜ਼ਦੂਰਾਂ ਦਾ ਵੱਡਾ ਯੋਗਦਾਨ ਹੈ, ਪਰ ਕਰਫ਼ਿਊ ਕਾਰਣ ਬੰਦ ਪਏ ਉਦਯੋਗਾਂ ਕਾਰਣ ਬੇਰੋਜ਼ਗਾਰ ਹੋ ਚੁੱਕੇ ਇਨ੍ਹਾਂ ਮਜ਼ਦੂਰਾਂ ਨੂੰ ਘਰ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ ਹੈ। ਭਾਵੇਂ ਪੰਜਾਬ ਸਰਕਾਰ ਵਲੋਂ ਕੁਝ ਉਦਯੋਗਾਂ ਨੂੰ ਖੋਲ੍ਹਣ ਦੀ ਛੋਟ ਦੇ ਦਿੱਤੀ ਗਈ ਹੈ। ਇਸ ਦੇ ਬਾਵਜੂਦ ਪ੍ਰਵਾਸੀ ਮਜ਼ਦੂਰਾਂ ਦਾ ਮਨ ਨਹੀਂ ਬਦਲ ਰਿਹਾ ਤੇ ਲੱਖਾਂ ਦੀ ਗਿਣਤੀ 'ਚ ਇਨ੍ਹਾਂ ਮਜ਼ਦੂਰਾਂ ਨੇ ਆਨਲਾਈਨ ਫਾਰਮ ਭਰ ਕੇ ਘਰ ਜਾਣ ਦੀ ਇੱਛਾ ਜਤਾਈ ਹੈ ਅਤੇ ਰਾਜ ਸਰਕਾਰ ਵਲੋਂ ਸਪੈਸ਼ਲ ਟ੍ਰੇਨਾਂ ਚਲਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਯੂ. ਪੀ., ਬਿਹਾਰ ਜਾਂ ਉੱਤਰਾਖੰਡ ਆਦਿ ਸੂਬਿਆਂ 'ਚ ਭੇਜਿਆ ਜਾ ਰਿਹਾ ਹੈ, ਜੇਕਰ ਸਥਿਤੀ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਪੰਜਾਬ ਦੀ ਅਰਥ ਵਿਵਸਥਾ ਡਗਮਗਾ ਸਕਦੀ ਹੈ, ਜਿਸ ਵੱਲ ਰਾਜ ਸਰਕਾਰ ਨੂੰ ਠੋਸ ਉਪਰਾਲੇ ਕਰਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਵਿਸ਼ੇਸ਼ ਰਾਹਤ ਦੇ ਕੇ ਉਨ੍ਹਾਂ ਨੂੰ ਰੋਜ਼ਗਾਰ ਦੇਣ ਦਾ ਯਤਨ ਕਰਨਾ ਚਾਹੀਦਾ ਹੈ।


Shyna

Content Editor

Related News