ਪੰਜਾਬ ਅਪਣਾਵੇਗਾ ਆਂਧਰਾ ਪ੍ਰਦੇਸ਼ ਦਾ ''ਮਿਡ-ਡੇਅ ਮੀਲ'' ਮਾਡਲ

Tuesday, Apr 23, 2019 - 11:49 AM (IST)

ਪੰਜਾਬ ਅਪਣਾਵੇਗਾ ਆਂਧਰਾ ਪ੍ਰਦੇਸ਼ ਦਾ ''ਮਿਡ-ਡੇਅ ਮੀਲ'' ਮਾਡਲ

ਚੰਡੀਗੜ੍ਹ (ਭੁੱਲਰ) : ਮਿਡ-ਡੇਅ ਮੀਲ ਤਹਿਤ ਤਾਜ਼ਾ ਪਕਾਇਆ ਗਰਮਾ-ਗਰਮ ਖਾਣਾ ਆਂਧਰਾ ਪ੍ਰਦੇਸ਼ ਦੇ ਸਕੂਲਾਂ 'ਚ ਬੱਚਿਆਂ ਨੂੰ ਵਰਤਾਇਆ ਜਾ ਰਿਹਾ ਹੈ। ਇਹ ਜਾਣਕਾਰੀ ਫੂਡ ਕਮਿਸ਼ਨ, ਪੰਜਾਬ ਦੇ ਚੇਅਰਮੈਨ ਡੀ. ਪੀ. ਰੈੱਡੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਾਲ ਹੀ 'ਚ ਮਿਡ-ਡੇਅ ਮੀਲ ਪੰਜਾਬ ਦੇ ਚੇਅਰਮੈਨ ਤੇ ਮੈਂਬਰਾਂ ਵਲੋਂ ਆਂਧਰਾ ਪ੍ਰਦੇਸ਼ ਦੇ ਦੌਰੇ ਦੌਰਾਨ ਸੂਬਾ ਸਰਕਾਰ ਵਲੋਂ 'ਅਕਸ਼ੇ ਪਾਤਰਾ' ਦੀ ਸੈਂਟਰਲੀ ਮੈਕਨਾਈਜ਼ਡ ਕਿਚਨ ਦਾ ਦੌਰਾ ਕੀਤਾ ਗਿਆ। ਇਹ ਇਕ ਪ੍ਰਭਾਵਸ਼ਾਲੀ ਮਾਡਲ ਹੈ, ਜਿਸ 'ਚ 25 ਕਿਲੋਮੀਟਰ ਦੇ ਘੇਰੇ 'ਚ ਆਉਂਦੇ ਸਕੂਲੀ ਬੱਚਿਆਂ ਲਈ ਭੋਜਨ ਦੀ ਵਿਵਸਥਾ ਕਰਨ ਹਿਤ ਸੁਚਾਰੂ ਰੂਪ 'ਚ ਸੈਂਟਰਲਾਈਜ਼ਡ ਰਸੋਈਆਂ ਸਥਾਪਤ ਕੀਤੀਆਂ ਗਈਆਂ ਹਨ।

ਸਕੂਲਾਂ 'ਚ ਭੋਜਨ ਮੁਹੱਈਆ ਕਰਾਉਣ ਲਈ ਜੀ. ਪੀ. ਐੱਸ. ਦੀ ਸਹੂਲਤ ਵਾਲੇ ਵਹਾਨ ਵਰਤੇ ਜਾ ਰਹੇ ਹਨ। ਚੇਅਰਮੈਨ ਨੇ ਦੱਸਿਆ ਕਿ ਇਸ ਪ੍ਰਣਾਲੀ ਸਬੰਧੀ ਭਰਪੂਰ ਜਾਣਕਾਰੀ ਤੇ ਜਾਇਜ਼ਾ ਲੈਣ ਲਈ 'ਅਕਸ਼ੇ ਪਾਤਰਾ' ਤੇ ਇਸਕੋਨ ਗਰੁੱਪ ਦੇ ਨੁਮਾਇੰਦਿਆਂ ਨਾਲ ਮੀਟਿੰਗ ਆਯੋਜਿਤ ਕੀਤੀ ਗਈ। ਰੈੱਡੀ ਨੇ ਕਿਹਾ ਕਿ 'ਅਕਸ਼ੇ ਪਾਤਰਾ' ਗਰੁੱਪ ਦੇ ਨੁਮਾਇੰਦੇ ਨੇ ਇੱਛਾ ਪ੍ਰਗਟਾਈ ਕਿ ਜੇਕਰ ਸੂਬੇ ਦੇ ਸਿੱਖਿਆ ਵਿਭਾਗ ਵਲੋਂ ਇਸ ਪ੍ਰਸਤਾਵ ਪ੍ਰਤੀ ਸਹਿਮਤੀ ਬਣਦੀ ਹੈ ਤਾਂ ਬਿਲਕੁਲ ਅਜਿਹੇ ਉਪਰਾਲੇ ਪੰਜਾਬ 'ਚ ਸ਼ੁਰੂ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਸਾਲ 2000 ਤੋਂ ਮਿਡ-ਡੇਅ ਮੀਲ ਸਕੀਮ ਤਹਿਤ 12 ਸੂਬਿਆਂ 'ਚ ਭੋਜਨ ਮੁਹੱਈਆ ਕਰਵਾ ਰਹੇ ਹਨ। 
 


author

Babita

Content Editor

Related News