ਮਿਡ ਡੇ ਮੀਲ ਦੇ ਨਵੇਂ ਮੈਨਿਊ ਅਨੁਸਾਰ ਲਾਗਤ ਰਾਸ਼ੀ ਵਧਾਉਣ ਦੀ ਮੰਗ
Saturday, Dec 30, 2023 - 03:56 PM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਦੁਪਹਿਰ ਦੇ ਖਾਣੇ ਦੇ ਹਫਤਾਵਾਰੀ ਮੈਨਿਊ ਵਿਚ ਤਬਦੀਲੀਆਂ ਦੇ ਮੁਤਾਬਿਕ ਕੁਕਿੰਗ ਕੌਸਟ ਨਾ ਵਧਾਏ ਜਾਣ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਕੁਕਿੰਗ ਕੌਸਟ ਵਧਾਈ ਜਾਵੇ। ਡੀ. ਟੀ. ਐੱਫ਼. ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਖਾਣਾ ਤਿਆਰ ਕਰਨ ਲਈ ਦਿੱਤੀ ਜਾਣ ਵਾਲੀ ਕੁਕਿੰਗ ਕੌਸਟ ਵਿਚ ਵਾਧਾ ਨਹੀਂ ਕੀਤਾ, ਜਦਕਿ ਇਸ ਸਮੇਂ ਦੌਰਾਨ ਵਸਤੂਆਂ ਦੇ ਭਾਅ ਵਿਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਸਬਜ਼ੀਆਂ, ਦਾਲਾਂ ਆਦਿ ਦੇ ਭਾਅ ਵਿਚ ਵਾਧੇ ਅਨੁਸਾਰ ਕੁਕਿੰਗ ਕੌਸਟ ਰਾਸ਼ੀ ਵਿਚ ਵਾਧਾ ਕੀਤੇ ਬਿਨਾਂ ਵਿਭਾਗ ਵਲੋਂ ਰੋਟੀ ਦੀ ਥਾਂ ਪੂੜੀਆਂ ਬਣਾਉਣ ਦਾ ਫਰਮਾਨ ਗੈਰ-ਵਾਜਬ ਹੈ।
ਨਵੇਂ ਹਫ਼ਤਾਵਾਰੀ ਮੈਨਿਯੂ ਅਨੁਸਾਰ ਹੁਣ ਸੋਮਵਾਰ ਨੂੰ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਨਾਲ ਇਕ ਕੇਲਾ ਖਾਣ ਲਈ ਵੀ ਦਿੱਤਾ ਜਾਵੇਗਾ ਜਿਸ ਲਈ ਪੰਜ ਰੁਪਏ ਪ੍ਰਤੀ ਵਿਦਿਆਰਥੀ ਜਾਰੀ ਕੀਤੇ ਜਾਣਗੇ। ਇਸ ਬਾਰੇ ਟਿੱਪਣੀ ਕਰਦਿਆਂ ਆਗੂਆਂ ਨੇ ਕਿਹਾ ਕਿ ਫ਼ਲਾਂ ਦੇ ਰੇਟਾਂ ਵਿਚ ਭਾਰੀ ਤਬਦੀਲੀ ਆਉਂਦੀ ਰਹਿੰਦੀ ਹੈ, ਵੱਖ-ਵੱਖ ਖੇਤਰਾਂ ਵਿਚ ਵੀ ਫ਼ਲਾਂ ਦੇ ਰੇਟਾਂ ਵਿਚ ਭਾਰੀ ਫਰਕ ਪਾਇਆ ਜਾਂਦਾ ਹੈ ਜਿਸ ਕਾਰਣ ਪ੍ਰਤੀ ਬੱਚਾ ਪੰਜ ਰੁਪਏ ਪ੍ਰਤੀ ਕੇਲਾ ਰੇਟ ਫਿਕਸ ਕਰਨਾ ਜਾਇਜ਼ ਨਹੀਂ ਹੈ। ਇਸੇ ਤਰ੍ਹਾਂ ਦੁਪਹਿਰ ਦੇ ਖਾਣੇ ਵਿਚ ਪੂੜੀਆਂ ਦੇਣ ਸੰਬੰਧੀ ਆਗੂਆਂ ਨੇ ਕਿਹਾ ਕਿ ਪੱਤਰ ਜਾਰੀ ਕਰਦਿਆਂ ਵਿਭਾਗ ਵਲੋਂ ਮੌਸਮ ਨੂੰ ਵੀ ਧਿਆਨ ਵਿਚ ਨਹੀਂ ਰੱਖਿਆ ਗਿਆ ਕਿ ਪੂੜੀਆਂ ਵਰਗਾ ਠੰਢਾ ਹੋਇਆ ਭੋਜਨ ਸਰਦੀਆਂ ਵਿਚ ਵਿਦਿਆਰਥੀਆਂ ਦੀ ਸਿਹਤ ਸਬੰਧੀ ਦਿੱਕਤਾਂ ਪੈਦਾ ਕਰ ਸਕਦਾ ਹੈ।
ਡੀ.ਟੀ.ਐੱਫ਼. ਦੇ ਸੂਬਾਈ ਮੀਤ ਪ੍ਰਧਾਨਾਂ ਬੇਅੰਤ ਫੁੱਲੇਵਾਲ, ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ 100 ਵਿਦਿਆਰਥੀਆਂ ਤੱਕ ਦੋ ਕੁੱਕ ਵਰਕਰਾਂ ਵਲੋਂ ਖਾਣਾ ਤਿਆਰ ਕਰਨ ਦੇ ਕੰਮ ਨੂੰ ਮੁਸ਼ਕਿਲ ਦੱਸਦਿਆਂ 75 ਵਿਦਿਆਰਥੀਆਂ ਤੋਂ ਵੱਧ ਗਿਣਤੀ ’ਤੇ ਤੀਜਾ ਕੁੱਕ ਵਰਕਰ ਦੇਣ ਦੀ ਮੰਗ ਕੀਤੀ ਹੈ। ਡੀ. ਟੀ. ਐੱਫ਼. ਨੇ ਮਿਡ ਡੇ ਮੀਲ ਮੈਨਿਊ ਵਿਚ ਵਿਭਾਗ ਵਲੋਂ ਕੀਤੀਆਂ ਗਈਆਂ ਉਕਤ ਤਬਦੀਲੀਆਂ ਬਾਰੇ ਜਥੇਬੰਦੀ ਦੇ ਸੁਝਾਵਾਂ ਅਨੁਸਾਰ ਪੁਨਰ ਵਿਚਾਰ ਕਰਨ ਅਤੇ ਵੱਧਦੀਆਂ ਕੀਮਤਾਂ ਅਨੁਸਾਰ ਕੁਕਿੰਗ ਕੌਸਟ ਰਾਸ਼ੀ ਵਿਚ ਵਾਧਾ ਕਰਨ ਦੀ ਮੰਗ ਕੀਤੀ ਹੈ।