ਸੁਖਬੀਰ ਦੇ ਖੇਤੀ ਆਰਡੀਨੈਂਸਾਂ ਦੇ ਦਾਅਵੇ ’ਤੇ ਭੜਕੇ ਵਪਾਰੀ, ਅਕਾਲੀ ਦਲ ਨੂੰ ਕਿਹਾ ਭਗੌੜਾ

Saturday, Aug 29, 2020 - 09:26 PM (IST)

ਸੁਖਬੀਰ ਦੇ ਖੇਤੀ ਆਰਡੀਨੈਂਸਾਂ ਦੇ ਦਾਅਵੇ ’ਤੇ ਭੜਕੇ ਵਪਾਰੀ, ਅਕਾਲੀ ਦਲ ਨੂੰ ਕਿਹਾ ਭਗੌੜਾ

ਜਲੰਧਰ,(ਐਨ ਮੋਹਨ)- ਖੇਤੀ ਕੇਂਦਰੀ ਆਰਡੀਨੈਂਸ ਸਬੰਧੀ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਦੇ ਦਾਅਵੇ ’ਤੇ ਪੰਜਾਬ ਦੇ ਵਪਾਰੀ ਭੜਕ ਉੱਠੇ ਹਨ। ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਹੈ ਕਿ ਸੁਖਬੀਰ ਕੇਂਦਰ ਸਰਕਾਰ ਨਾਲ ਵਫ਼ਾਦਾਰੀ ਦਿਖਾਉਣ ਲਈ ਪੰਜਾਬ ਦੇ ਵਪਾਰੀਆਂ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਕੇਂਦਰ ਸਰਕਾਰ ਨੇ ਅਜਿਹਾ ਕੋਈ ਵਾਇਦਾ ਪੰਜਾਬ ਸਰਕਾਰ ਨੂੰ ਨਹੀਂ ਕੀਤਾ। ਕਾਲੜਾ ਨੇ ਪੰਜਾਬ ਦੇ ਇਕ ਦਿਨ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਖੇਤੀ ਅਰਡੀਨੈਂਸਾਂ ਵਿਰੁੱਧ ਲਏ ਫੈਸਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੈਪਟਨ ਨੇ ਸਾਲ 2004 ਵਿਚ ਵਿਧਾਨ ਸਭਾ ਵਿਚ ਪਾਣੀ ਸਬੰਧੀ ਲਏ ਫੈਸਲੇ ਤੋਂ ਬਾਅਦ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦਾ ਰਾਖਾ ਅਮਰਿੰਦਰ ਸਿੰਘ ਹੀ ਹੈ।

ਵਪਾਰੀ ਆਗੂ ਵਿਜੈ ਕਾਲੜਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਲੋਕਾਂ ਨੂੰ ਭਰਮਾਉਣ ਲਈ ਦਿਖਾਈ ਜਾ ਰਹੀ ਚਿੱਠੀ ਸਿਰਫ ਸਿਆਸੀ ਢਕਵੰਜ ਹੈ। ਬਤੌਰ ਸੰਸਦ ਮੈਂਬਰ ਵਜੋਂ ਸੁਖਬੀਰ ਬਾਦਲ ਵੱਲੋਂ ਲਿਖੀ ਚਿੱਠੀ ਦੇ ਜੁਆਬ ਵਿਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਐੱਮ. ਐੱਸ. ਪੀ. ਨਾ ਖਤਮ ਕਰਨ ਦਾ ਭਰੋਸਾ ਦਿੱਤਾ ਹੈ। ਆਗੂ ਵਿਜੇ ਕਾਲੜਾ ਨੇ ਇਸ ਚਿੱਠੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਰਾਸ਼ੀ ਲਿਮਿਟ ਹੀ ਨਹੀਂ ਭੇਜੇਗੀ ਅਤੇ ਐੱਫ. ਸੀ. ਆਈ. ਵਰਗੇ ਅਦਾਰੇ ਤੋੜ ਦਿੱਤੇ ਤਾਂ ਫਿਰ ਐੱਮ. ਐੱਸ. ਪੀ. ਦਾ ਹਾਲ ਬਿਹਾਰ ਵਰਗਾ ਹੋਵੇਗਾ, ਜਿੱਥੇ ਬੇਸ਼ੁਮਾਰ ਝੋਨਾ ਹੁੰਦਾ ਹੈ ਪਰ ਬਿਹਾਰ ਦਾ ਝੋਨਾ ਪੰਜਾਬ ਵਿਕਣ ਲਈ ਆਉਂਦਾ ਹੈ। ਕਿਉਂਕਿ ਕੇਂਦਰੀ ਫ਼ੂਡ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਸੂਬੇ ਬਿਹਾਰ ਵਿਚ ਝੋਨਾ ਪ੍ਰਤੀ ਕਵਿੰਟਲ ਐੱਮ. ਐੱਸ. ਪੀ. ਤੋਂ 600 ਰੁਪਏ ਪ੍ਰਤੀ ਕੁਇੰਟਲ ਤਕ ਘੱਟ ਵਿਕਦਾ ਹੈ। ਅਜਿਹਾ ਹੀ ਹਾਲ ਮੱਕੀ ਦਾ ਹੈ, ਜਿਸਦਾ ਐੱਮ. ਐੱਸ. ਪੀ. 1840 ਰੁਪਏ ਪ੍ਰਤੀ ਕੁਇੰਟਲ ਹੈ ਪਰ ਮੱਕੀ ਵਿਕ ਰਹੀ ਹੈ 600 ਰੁਪਏ ਪ੍ਰਤੀ ਕੁਇੰਟਲ ਤੱਕ। ਕਾਲੜਾ ਨੇ ਕਿਹਾ ਕਿ ਇਹੀ ਵਜ੍ਹਾ ਸੀ ਕਿ ਕਲ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਅਕਾਲੀ ਦਲ ਦੇ ਵਿਧਾਇਕ ਭਗੌੜੇ ਹੋ ਗਏ ਪਰ ਬਹਾਨਾ ਕੋਰੋਨਾ ਦਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਇਕ ਲੁਕਵੇਂ ਏਜੰਡੇ ਤਹਿਤ ਸੁਖਬੀਰ ਬਾਦਲ ਕਿਸਾਨਾਂ ਅਤੇ ਵਪਾਰੀਆਂ ਦਾ ਨੁਕਸਾਨ ਕਰ ਰਹੇ ਹਨ ਅਤੇ ਕਿਸਾਨਾਂ ਅਤੇ ਵਪਾਰੀਆਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੇ ਹਨ। ਜੇਕਰ ਸੁਖਬੀਰ ਬਾਦਲ ਨੂੰ ਐਨੀ ਹੀ ਹਮਦਰਦੀ ਸੀ ਤਾਂ ਉਸਨੂੰ ਵਿਧਾਨ ਸਭਾ ਵਿਚ ਆਉਣਾ ਚਾਹੀਦਾ ਸੀ, ਨਾ ਕਿ ਬਹਾਨਾ ਲਾ ਕੇ ਭੱਜਣਾ ਚਾਹੀਦਾ ਸੀ।


author

Bharat Thapa

Content Editor

Related News