ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਚੌਥੇ ਗੇੜ ਦੀ ਬੈਠਕ ਸ਼ੁਰੂ, ਅੱਜ ਹੋਵੇਗੀ ਘਰ ਵਾਪਸੀ ਜਾਂ ਕਰਨਗੇ ਦਿੱਲੀ ਕੂਚ!

02/18/2024 8:33:24 PM

ਚੰਡੀਗੜ੍ਹ- ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਚੌਥੇ ਗੇੜ ਦੀ ਬੈਠਕ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ 'ਚ ਸ਼ੁਰੂ ਹੋ ਚੁੱਕੀ ਹੈ। ਕੇਂਦਰੀ ਮੰਤਰੀਆਂ ਨਾਲ ਬੈਠਕ 'ਚ ਕਿਸਾਨ ਆਗੂਆਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹਨ। ਅੱਜ ਦੀ ਇਸ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਵੱਡੀ ਗਿਣਤੀ 'ਚ ਪੰਜਾਬ ਦੀਆਂ ਹੱਦਾਂ 'ਤੇ ਪਹੁੰਚ ਚੁਕੇ ਹਜ਼ਾਰਾਂ ਕਿਸਾਨ ਦਿੱਲੀ ਜਾਣ ਦੀ ਉਡੀਕ 'ਚ ਹਨ ਅਤੇ ਕਿਸਾਨ ਜਥੇਬੰਦੀਆਂ ਦੇ ਵਰਕਰ ਇਹ ਮੰਨ ਰਹੇ ਹਨ ਕਿ ਅੱਜ ਦੀ ਇਹ ਬੈਠਕ ਗੱਲਬਾਤ ਦੇ ਦੌਰ ਦੀ ਆਖਰੀ ਬੈਠਕ ਹੋਵੇਗੀ ਅਤੇ ਇਸੇ ਬੈਠਕ ਤੋਂ ਤੈਅ ਹੋ ਜਾਵੇਗਾ ਕਿ ਕਿਸਾਨ ਦਿੱਲੀ ਵੱਲ ਅੱਗੇ ਵਧਣਗੇ ਜਾਂ ਫਿਰ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਤੋਂ ਹੀ ਆਪਣੇ ਘਰਾਂ ਨੂੰ ਪਰਤਣਗੇ। 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀਆਂ ਨਾਲ ਬੈਠਕ ਕੀਤੀ। ਦੋਵਾਂ ਧਿਰਾਂ ਦੀ ਇਹ ਬੈਠਕ ਇਕ ਨਿੱਜੀ ਹੋਟਲ ਵਿਚ ਬੈਠਕ ਹੋਈ। ਬੈਠਕ ਵਿੱਚ ਕੇਂਦਰੀ ਮੰਤਰੀਆਂ ਨੇ ਦਿੱਲੀ ਦੀ ਸੁਰੱਖਿਆ ਦਾ ਹਵਾਲਾ ਦਿੱਤਾ ਅਤੇ ਸੀਐਮ ਮਾਨ ਨੂੰ ਅਪੀਲ ਕੀਤੀ ਕਿ ਉਹ ਐਮਐਸਪੀ ਨੂੰ ਲੈ ਕੇ ਕਿਸਾਨਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਮਨਾਉਣ। ਦੱਸ ਦਈਏ ਕਿ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜੇਕਰ ਅੱਜ ਚੌਥੇ ਗੇੜ ਦੀ ਬੈਠਕ ਵਿੱਚ ਕੋਈ ਹੱਲ ਨਹੀਂ ਨਿਕਲਦਾ ਤਾਂ ਕਿਸਾਨ ਦਿੱਲੀ ਕੂਚ ਕਰਨਗੇ।

ਦੱਸ ਦੇਈਏ ਕਿ ਹੁਣ ਤਕ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ 3 ਗੇੜ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਜੋ ਕਿ ਬੇਸਿੱਟਾ ਰਹੀਆਂ। ਪਹਿਲੇ ਗੇੜ ਦੀ ਬੈਠਕ 10 ਫਰਵਰੀ ਨੂੰ ਅਤੇ ਦੂਜੇ ਗੇੜ ਦੀ ਬੈਠਕ 12 ਫਰਵਰੀ ਨੂੰ ਹੋਈ ਸੀ। ਇਸਤੋਂ ਬਾਅਦ 15 ਫਰਵਰੀ ਨੂੰ ਤੀਜੇ ਗੇੜ ਦੀ ਬੈਠਕ 'ਚ ਐੱਮ.ਐੱਸ.ਪੀ. ਸਣੇ ਸਾਰੀਆਂ ਮੰਗਾਂ 'ਤੇ ਚਰਚਾ ਕੀਤੀ ਗਈ ਸੀ। ਤੀਜੇ ਗੇੜ ਦੀ ਬੈਠਕ 'ਚ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਮੌਜੂਦ ਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜਾਨਾ ਮੰਤਰੀ ਸਣੇ ਹੋਰ ਕਿਸਾਨ ਆਗੂ ਬੈਠਕ 'ਚ ਸ਼ਾਮਲ ਹੋਏ ਸਨ। ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਨਿੱਜੀ ਦਖਲ ਦਿੱਤਾ ਸੀ, ਉਸਤੋਂ ਬਾਅਦ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਬੈਠਕ ਸ਼ੁਰੂ ਹੋਈ ਸੀ ਅਤੇ 10 ਫਰਵਰੀ ਨੂੰ ਪਹਿਲੇ ਗੇੜ ਦੀ ਬੈਠਕ ਸ਼ੁਰੂ ਹੋਈ ਸੀ। 

ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਤੀਜੇ ਗੇੜ ਦੀ ਬੈਠਕ 15 ਫਰਵਰੀ ਨੂੰ ਸ਼ਾਮ ਦੇ 6 ਵਜੇ ਸ਼ੁਰੂ ਹੋਈ ਸੀ ਜੋ ਕਿ ਰਾਤ ਦੇ ਡੇਢ ਵਜੇ ਤਕ ਚੱਲੀ ਪਰ ਇਸ ਦੌਰਾਨ ਕੋਈ ਵੀ ਹੱਲ ਨਹੀਂ ਨਿਕਲ ਸਕਿਆ ਅਤੇ ਅੱਜ ਹੋਣ ਵਾਲੀ ਬੈਠਕ ਦਾ ਸਮਾਂ ਤੈਅ ਕੀਤਾ ਗਿਆ ਸੀ। ਹੁਣ ਸਾਰਿਆਂ ਦੀਆਂ ਨਜ਼ਰਾਂ ਅੱਜ ਦੀ ਬੈਠਕ 'ਤੇ ਟਿਕੀਆਂ ਹੋਈਆਂ ਹਨ। 


Rakesh

Content Editor

Related News