ਕੇਂਦਰ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ ਸਮੂਹ ਕਿਸਾਨ ਜਥੇਬੰਦੀਆਂ ਦੀ ਦਿੱਲੀ ’ਚ ਮੀਟਿੰਗ 14 ਨੂੰ

03/12/2022 11:02:00 PM

ਮੁੱਲਾਂਪੁਰ ਦਾਖਾ (ਕਾਲੀਆ)-ਸੰਯੁਕਤ ਕਿਸਾਨ ਮੋਰਚਾ ਜਥੇਬੰਦੀ ਦੀ ਇਕ ਮੀਟਿੰਗ ਮੁੱਲਾਂਪੁਰ ਵਿਖੇ ਹੋਈ, ਜਿਸ ’ਚ 18 ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੀ ਪ੍ਰਧਾਨਗੀ ਤਿੰਨ ਮੈਂਬਰੀ ਕਮੇਟੀ ਨੇ ਕੀਤੀ, ਜਿਨ੍ਹਾਂ ’ਚ ਨਿਰਭੈ ਸਿੰਘ ਢੁੱਡੀਕੇ, ਰੁਲਦੂ ਸਿੰਘ ਅਤੇ ਬਲਦੇਵ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ ਭਾਰਤ ਦੀਆਂ ਸਮੂਹ ਕਿਸਾਨ ਜਥੇਬੰਦੀਆਂ 14 ਮਾਰਚ ਨੂੰ ਗਾਂਧੀ ਪਲੇਸ ਫਾਊਂਡੇਸ਼ਨ, ਨਵੀਂ ਦਿੱਲੀ ਵਿਖੇ ਮੀਟਿੰਗ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਜਾਣੋ ਕੌਣ ਹੈ ਪੰਜਾਬ ’ਚ ਸਭ ਤੋਂ ਘੱਟ ਉਮਰ ’ਚ ਵਿਧਾਇਕਾ ਬਣੀ ਨਰਿੰਦਰ ਕੌਰ ਭਰਾਜ

ਇਸ ਮੀਟਿੰਗ ’ਚ ਨਵੀਂ ਰਣਨੀਤੀ ਬਣਾਈ ਜਾਵੇਗੀ ਤਾਂ ਜੋ ਕੇਂਦਰ ਤੋਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਮਾਲੀ ਮਦਦ ਦਿੱਤੀ ਜਾਵੇ, ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ’ਤੇ ਪਾਏ ਕੇਸ ਵਾਪਸ ਲਏ ਜਾਣ, ਐੱਮ. ਐੱਸ. ਪੀ. ’ਤੇ ਕਮੇਟੀ ਬਣਾਉਣ, ਬੀ. ਬੀ. ਐੱਮ. ਬੀ. ਪਾਣੀ ਦੇ ਮੁੱਦਿਆਂ ’ਤੇ ਵਿਚਾਰਾਂ, ਗੰਨੇ ਦੀ ਫਸਲ ਦਾ ਬਕਾਇਆ ਅਤੇ ਟੋਲ ਪਲਾਜ਼ਿਆਂ ਦੇ ਰੇਟ ਘਟਾਉਣ ਆਦਿ ਮੰਗਾਂ ਰੱਖੀਆਂ ਜਾਣਗੀਆਂ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ ਹਾਰੇ ਬਾਦਲ ਪਰਿਵਾਰ ਦੇ ਸਾਰੇ ਮੈਂਬਰ

ਕਿਸਾਨ ਆਗੂਆਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੰਨੇ ਦੇ ਰੇਟ, ਗੁਲਾਬੀ ਸੁੰਡੀ ਨਾਲ ਹੋਈ ਫਸਲ ਦੀ ਬਰਬਾਦੀ ਅਤੇ ਕਦਰਤੀ ਆਫ਼ਤਾਂ ਨਾਲ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਭਰੋਸਾ ਦਿਵਾਇਆ ਸੀ ਪਰ ਉਹ ਪੂਰਾ ਨਹੀਂ ਹੋ ਸਕਿਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਇਸ ਕੋਲ ਮੰਗ ਰੱਖੀ ਜਾਵੇਗੀ। ਜੇਕਰ ਇਹ ਮੰਗਾਂ ਪੂਰੀਆਂ ਨਹੀਂ ਕਰਦੇ ਤਾਂ ਸੰਘਰਸ਼ ਵਿੱਢਣ ਸਬੰਧੀ ਵੀ ਫ਼ੈਸਲਾ ਲਿਆ ਜਾਵੇਗਾ ਅਤੇ ਕਿਸਾਨ ਸੰਯੁਕਤ ਮੋਰਚਾ ਜਥੇਬੰਦੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਡਟ ਕੇ ਪਹਿਰਾ ਦੇਵੇਗੀ। ਇਸ ਮੌਕੇ ਬਲਵੀਰ ਸਿੰਘ ਰਾਜੇਵਾਲ, ਕੰਵਲਪ੍ਰੀਤ ਸਿੰਘ ਪੰਨੂ, ਫੁਰਮਾਨ ਸਿੰਘ, ਕੁਲਵੰਤ ਸਿੰਘ ਸੰਧੂ, ਬੂਟਾ ਸਿੰਘ ਬੁਰਜ ਗਿੱਲ, ਬਲਕਰਨ ਸਿੰਘ, ਜਸਵਿੰਦਰ ਸਿੰਘ, ਕਿਰਨਜੀਤ ਸੇਖੋਂ, ਹਰਮੀਤ ਸਿੰਘ ਕਾਦੀਆਂ, ਪ੍ਰੇਮ ਸਿੰਘ ਭੰਗੂ, ਕੁਲਦੀਪ ਸਿੰਘ ਵਜੀਦਪੁਰ ਆਦਿ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।


Manoj

Content Editor

Related News