ਜ਼ਖ਼ਮੀ ਪੁਲਸ ਮੁਲਾਜ਼ਮਾਂ ਦਾ ਡੀ. ਜੀ. ਪੀ. ਨੇ ਪੁੱਛਿਆ ਹਾਲ
Thursday, Feb 01, 2018 - 08:25 AM (IST)
ਫਰੀਦਕੋਟ (ਹਾਲੀ) - ਵਿੱਕੀ ਗੌਂਡਰ ਅਤੇ ਉਸ ਦੇ ਦੋ ਹੋਰ ਸਾਥੀਆਂ ਦੇ ਐਨਕਾਊਂਟਰ 'ਚ ਜ਼ਖ਼ਮੀ ਹੋਏ ਪੁਲਸ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਣ ਲਈ ਅੱਜ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਕੁਮਾਰ ਅਰੋੜਾ ਨੇ ਦੌਰਾ ਕੀਤਾ। ਡੀ. ਜੀ. ਪੀ. ਨੇ ਹਸਪਤਾਲ 'ਚ ਦਾਖਲ ਪੁਲਸ ਮੁਲਾਜ਼ਮ ਪਵਿੱਤਰ ਸਿੰਘ ਅਤੇ ਬਲਵਿੰਦਰ ਸਿੰਘ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਵੱਲੋਂ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਨੂੰ ਮਾਰਨ 'ਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।
ਇਸ ਸਮੇਂ ਡੀ. ਜੀ. ਪੀ. ਨੇ ਕਿਹਾ ਕਿ ਵਿੱਕੀ ਗੌਂਡਰ ਐਨਕਾਊਂਟਰ ਦੇ ਮਾਮਲੇ ਵਿਚ ਝੂਠੇ ਪੁਲਸ ਮੁਕਾਬਲੇ ਦਾ ਕੀਤਾ ਜਾ ਰਿਹਾ ਹੈ ਪ੍ਰਚਾਰ ਬਿਲਕੁਲ ਨਿਰਾਆਧਾਰ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਪੰਜਾਬ ਦੀ ਅਮਨ-ਸ਼ਾਂਤੀ ਲਈ ਵੱਡਾ ਖਤਰਾ ਹਨ ਅਤੇ ਸੂਬੇ ਦੀ ਸ਼ਾਂਤੀ ਕਿਸੇ ਵੀ ਕੀਮਤ 'ਤੇ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਪੁਲਸ ਦੀ ਜਿਸ ਵਿਸ਼ੇਸ਼ ਟੀਮ ਨੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ, ਉਨ੍ਹਾਂ ਕੋਲ ਗੈਂਗਸਟਰਾਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਸੀ।