ਵੱਡੀ ਕਾਰਵਾਈ: ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫ਼ਸਰ ਤੇ ਕਲੀਨਿਕਲ ਅਸਿਸਟੈਂਟ ਬਰਖ਼ਾਸਤ
Friday, Feb 28, 2025 - 10:07 AM (IST)

ਜਲੰਧਰ (ਰੱਤਾ)– ਸੂਬਾ ਸਰਕਾਰ ਨੇ ਉਂਝ ਤਾਂ ਮਰੀਜ਼ਾਂ ਦੀ ਸਹੂਲਤ ਲਈ ਥਾਂ-ਥਾਂ ਆਮ ਆਦਮੀ ਕਲੀਨਿਕ ਖੋਲ੍ਹੇ ਸਨ ਪਰ ਸ਼ਾਇਦ ਉਥੇ ਤਾਇਨਾਤ ਸਟਾਫ ਵੀ ਇਨ੍ਹਾਂ ਦਾ ਫਾਇਦਾ ਉਠਾਉਣ ਲੱਗਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜ਼ਿਲ੍ਹੇ ਦੇ ਇਕ ਆਮ ਆਦਮੀ ਕਲੀਨਿਕ ਵਿਚ ਤਾਇਨਾਤ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਪੈਸਿਆਂ ਦੇ ਲਾਲਚ ਵਿਚ ਮਰੀਜ਼ਾਂ ਦੀ ਫਰਜ਼ੀ ਐਂਟਰੀ ਪਾ ਰਹੇ ਸਨ ਅਤੇ ਜਦੋਂ ਇਸ ਗੱਲ ਦਾ ਖ਼ੁਲਾਸਾ ਹੋਇਆ ਤਾਂ ਵਿਭਾਗ ਨੇ ਤੁਰੰਤ ਦੋਵਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - Birth Certificates ਨੂੰ ਲੈ ਕੇ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ
ਸਿਹਤ ਵਿਭਾਗ ਦੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਕੋਦਰ ਵਿਚ ਸਥਿਤ ਇਕ ਆਮ ਆਦਮੀ ਕਲੀਨਿਕ ਵਿਚ ਤਕਰੀਬਨ ਹਰ ਰੋਜ਼ 150 ਤੋਂ 175 ਮਰੀਜ਼ਾਂ ਦੀ ਐਂਟਰੀ ਪਾਈ ਜਾ ਰਹੀ ਸੀ ਅਤੇ ਜਦੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਵਿਚ ਕੁਝ ਸ਼ੱਕ ਹੋਇਆ ਤਾਂ ਉਨ੍ਹਾਂ ਉਕਤ ਆਮ ਆਦਮੀ ਕਲੀਨਿਕ ਵਿਚ ਜਾ ਕੇ ਜਾਂਚ ਕੀਤੀ। ਉਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਥੇ ਮੈਡੀਕਲ ਅਫਸਰ ਤੇ ਕਲੀਨਿਕਲ ਅਸਿਸਟੈਂਟ ਨੇ ਟੈਬਲੇਟ ਵਿਚ ਜਿੰਨੇ ਮਰੀਜ਼ਾਂ ਦੀ ਐਂਟਰੀ ਪਾਈ ਹੈ, ਉਸ ਨਾਲੋਂ ਘੱਟ ਮਰੀਜ਼ਾਂ ਦੀ ਐਂਟਰੀ ਫਾਰਮਾਸਿਸਟ ਦੇ ਟੈਬਲੇਟ ਵਿਚ ਹੈ।
ਅਧਿਕਾਰੀਆਂ ਨੇ ਜਦੋਂ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਆਪਸੀ ਮਿਲੀਭੁਗਤ ਨਾਲ ਮਰੀਜ਼ਾਂ ਦੀ ਫਰਜ਼ੀ ਐਂਟਰੀ ਪਾ ਰਹੇ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੋਵਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਆਮ ਆਦਮੀ ਕਲੀਨਿਕ ਵਿਚ ਜਦੋਂ ਵੀ ਕੋਈ ਮਰੀਜ਼ ਦਵਾਈ ਲੈਣ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਕਲੀਨਿਕਲ ਅਸਿਸਟੈਂਟ ਆਪਣੇ ਟੈਬਲੇਟ ਵਿਚ ਮਰੀਜ਼ ਦੇ ਮੋਬਾਈਲ ਨੰਬਰ ਸਮੇਤ ਉਸ ਦੀ ਐਂਟਰੀ ਕਰਦਾ ਹੈ ਅਤੇ ਫਿਰ ਉਸ ਤੋਂ ਬਾਅਦ ਜਦੋਂ ਮਰੀਜ਼ ਮੈਡੀਕਲ ਅਫਸਰ ਕੋਲ ਜਾਂਚ ਕਰਵਾਉਣ ਲਈ ਪਹੁੰਚਦਾ ਹੈ ਤਾਂ ਉਹ ਵੀ ਟੈਬਲੇਟ ਵਿਚ ਉਸ ਦੀ ਐਂਟਰੀ ਦੇਖ ਕੇ ਟੈਬਲੇਟ ਵਿਚ ਹੀ ਦਵਾਈ ਲਿਖ ਦਿੱਤਾ ਹੈ। ਉਸ ਤੋਂ ਬਾਅਦ ਮਰੀਜ਼ ਜਦੋਂ ਉਥੇ ਬੈਠੇ ਫਾਰਮਾਸਿਸਟ ਕੋਲ ਦਵਾਈ ਲੈਣ ਜਾਂਦਾ ਹੈ ਤਾਂ ਫਾਰਮਾਸਿਸਟ ਉਸ ਨੂੰ ਦਵਾਈ ਦੇਣ ਤੋਂ ਬਾਅਦ ਓ. ਕੇ. ਕਰ ਦਿੰਦਾ ਹੈ।
ਉਕਤ ਆਮ ਆਦਮੀ ਕਲੀਨਿਕ ਵਿਚ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਦੇ ਟੈਬਲੇਟ ਵਿਚ ਤਾਂ 150 ਤੋਂ 175 ਮਰੀਜ਼ਾਂ ਦੀ ਐਂਟਰੀ ਹੁੰਦੀ ਸੀ, ਜਦੋਂ ਕਿ ਫਾਰਮਾਸਿਸਟ ਕੋਲ ਕਾਫੀ ਘੱਟ ਗਿਣਤੀ ਵਿਚ ਮਰੀਜ਼ ਦਵਾਈ ਲੈਣ ਪਹੁੰਚਦੇ ਸਨ। ਜਾਂਚ ਕਰ ਰਹੇ ਅਧਿਕਾਰੀਆਂ ਨੇ ਜਦੋਂ ਲੋਕਾਂ ਨੂੰ ਫੋਨ ਕਰ ਕੇ ਪੁੱਛਿਆ ਕਿ ਕੀ ਉਹ ਉਕਤ ਕਲੀਨਿਕ ਵਿਚ ਦਵਾਈ ਲੈਣ ਆਏ ਸਨ ਤਾਂ ਕਈ ਮਰੀਜ਼ਾਂ ਨੇ ਕਿਹਾ ਕਿ ਉਹ ਤਾਂ ਕਦੀ ਆਮ ਆਦਮੀ ਕਲੀਨਿਕ ਵਿਚ ਆਏ ਹੀ ਨਹੀਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 26 ਲੱਖ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰ, ਆਧਾਰ ਕਾਰਡਾਂ ਬਾਰੇ Order ਜਾਰੀ
ਮੈਡੀਕਲ ਅਫ਼ਸਰ ਨੂੰ 50 ਰੁਪਏ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਮਿਲਦੇ ਹਨ ਪੈਸੇ
ਆਮ ਆਦਮੀ ਕਲੀਨਿਕ ਵਿਚ ਨੌਕਰੀ ਕਰਨ ਵਾਲੇ ਹਰ ਮੈਡੀਕਲ ਅਫਸਰ ਨੂੰ 50 ਰੁਪਏ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਸਰਕਾਰ ਪੈਸੇ ਦੇ ਰਹੀ ਹੈ ਅਤੇ ਰੋਜ਼ਾਨਾ ਘੱਟ ਤੋਂ ਘੱਟ ਰਕਮ 2500 ਰੁਪਏ ਰੱਖੀ ਗਈ ਹੈ। ਜੇਕਰ ਕੋਈ ਮੈਡੀਕਲ ਅਫਸਰ 50 ਤੋਂ ਵੱਧ ਮਰੀਜ਼ਾਂ ਦੀ ਜਾਂਚ ਕਰਦਾ ਹੈ ਤਾਂ ਉਸ ਸਥਿਤੀ ਵਿਚ ਉਸ ਨੂੰ 50 ਰੁਪ ਏ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਹੀ ਰਕਮ ਮਿਲਦੀ ਹੈ। ਸ਼ਾਇਦ ਇਹੀ ਕਾਰਨ ਰਿਹਾ ਹੋਵੇਗਾ ਕਿ ਨੌਕਰੀ ਤੋਂ ਬਰਖਾਸਤ ਹੋਏ ਮੈਡੀਕਲ ਅਫਸਰ ਨੇ ਪੈਸਿਆਂ ਦੇ ਲਾਲਚ ਵਿਚ ਮਰੀਜ਼ਾਂ ਦੀ ਫਰਜ਼ੀ ਐਂਟਰੀ ਪਾਈ ਹੋਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8