ਮੌੜ ਮੰਡੀ ਬੰਬ ਬਲਾਸਟ : ਪੀੜਤ ਪਰਿਵਾਰਾਂ ਨੂੰ 3 ਸਾਲ ਬੀਤਣ ਦੇ ਬਾਅਦ ਵੀ ਨਹੀਂ ਮਿਲਿਆ ਇਨਸਾਫ

01/30/2020 2:31:56 PM

ਮੌੜ ਮੰਡੀ (ਪ੍ਰਵੀਨ) : ਤਿੰਨ ਸਾਲ ਪਹਿਲਾਂ 31 ਜਨਵਰੀ 2017 ਨੂੰ ਵਿਧਾਨ ਸਭਾ ਚੋਣਾਂ ਤੋਂ ਚਾਰ ਦਿਨ ਪਹਿਲਾਂ ਹੋਏ ਮੌੜ ਬੰਬ ਧਮਾਕੇ 'ਚ ਮਾਰੇ ਗਏ ਪੰਜ ਬੱਚਿਆਂ ਅਤੇ ਦੋ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਉਣ ਸਬੰਧੀ ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਅਤੇ ਪੀੜਤ ਪਰਿਵਾਰਾਂ ਦੀ ਇਕ ਮੀਟਿੰਗ ਕਨਵੀਨਰ ਗੁਰਮੇਲ ਸਿੰਘ ਮੇਲਾ ਦੀ ਪ੍ਰਧਾਨਗੀ ਹੇਠ ਹੋਈ।

PunjabKesari

ਇਸ ਮੌਕੇ ਕਨਵੀਨਰ ਗੁਰਮੇਲ ਸਿੰਘ ਮੇਲਾ, ਜੀਤ ਇੰਦਰ ਸਿੰਘ, ਨਾਇਬ ਸਿੰਘ ਸਾਬਕਾ ਕੌਂਸਲਰ ਆਦਿ ਨੇ ਕਿਹਾ ਕਿ ਮੌੜ ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨੂੰ ਤਿੰਨ ਸਾਲ ਬੀਤ ਜਾਣ 'ਤੇ ਵੀ ਇਨਸਾਫ਼ ਨਹੀਂ ਮਿਲਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਕਿਸੇ ਸਿਆਸੀ ਦਬਾਅ ਕਾਰਣ ਬੰਬ ਕਾਂਡ ਦੇ ਦੋਸ਼ੀਆਂ ਨੂੰ ਲੱਭਣਾ ਨਹੀਂ ਚਾਹੁੰਦੇ, ਜਿਸ ਕਾਰਣ ਉਹ ਬੇਖੌਫ਼ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ 10 ਵਜੇ ਪਾਠ ਦੇ ਭੋਗ ਉਪਰੰਤ ਦੋ ਘੰਟੇ ਦੀ ਸਟੇਜ 'ਤੇ ਬੁਲਾਰੇ ਬੰਬ ਕਾਂਡ ਸਬੰਧੀ ਆਪਣੇ ਵਿਚਾਰ ਰੱਖਣਗੇ। ਇਸ ਉਪਰੰਤ ਬੰਬ ਕਾਂਡ ਸਮੇਂ ਪੁਲਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਐਂਬੂਲੈਂਸ ਵੀ ਪ੍ਰਸ਼ਾਸਨ ਨੂੰ ਵਾਪਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਨਾ ਤਾਂ ਅੱਜ ਤੱਕ ਬੰਬ ਕਾਂਡ ਦੇ ਦੋਸ਼ੀਆਂ ਤੱਕ ਪਹੁੰਚ ਸਕੀ ਅਤੇ ਨਾ ਹੀ ਉਸ ਸਮੇਂ ਪੀੜਤ ਪਰਿਵਾਰਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਏ ਗਏ ਲਾਲ ਕਾਰਡਾਂ ਦਾ ਵੀ ਪੀੜਤ ਪਰਿਵਾਰ ਨੂੰ ਅਜੇ ਤੱਕ ਕੋਈ ਲਾਭ ਮਿਲਿਆ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮੌੜ ਬੰਬ ਕਾਂਡ 'ਚ ਮਾਰੇ ਗਏ ਵਿਅਕਤੀਆਂ ਅਤੇ ਬੱਚਿਆਂ ਦੇ ਪਰਿਵਾਰਾਂ ਨੂੰ ਨਾ ਤਾਂ ਕੋਈ ਇਨਸਾਫ਼ ਮਿਲਿਆ ਅਤੇ ਨਾ ਹੀ ਇਲਾਕਾ ਵਾਸੀਆਂ ਦੀ ਕੋਈ ਮੰਗ ਮੰਨੀ ਗਈ।

ਇਸ ਸਮੇਂ ਦਰਸ਼ਨ ਸਿੰਘ, ਪਰਮਜੀਤ ਸਿੰਘ, ਹਾਕਮ ਸਿੰਘ, ਜਸਪਾਲ ਸਿੰਘ, ਜਗਜੀਤ ਸਿੰਘ, ਬਲਵੀਰ ਸਿੰਘ, ਖੁਸ਼ਦੀਪ ਸਿੰਘ ਆਦਿ ਤੋਂ ਇਲਾਵਾ ਪੀੜਤ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।


cherry

Content Editor

Related News