ਮਾਤਾ ਚਿੰਤਪੂਰਨੀ ਮੇਲਾ ਭਲਕੇ ਤੋਂ, ਟ੍ਰੈਫਿਕ ਰਹੇਗੀ ਡਾਇਵਰਟ, ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਖ਼ਾਸ ਹਦਾਇਤਾਂ ਜਾਰੀ

07/28/2022 3:51:18 PM

ਹੁਸ਼ਿਆਰਪੁਰ (ਘੁੰਮਣ)- 29 ਜੁਲਾਈ ਤੋਂ ਮਾਤਾ ਚਿੰਤਪੂਰਨੀ ਦੇ ਮੇਲੇ ਸ਼ੁਰੂ ਹੋ ਰਹੇ ਹਨ। ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਮਾਤਾ ਚਿੰਤਪੂਰਨੀ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸੰਦੀਪ ਹੰਸ ਵੱਲੋਂ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਇਕ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰ ਢੋਹਣ ਵਾਲੇ ਵਾਹਨਾਂ (ਟਰੱਕ, ਟੈਂਪੂ, ਟਾਟਾ ਏਸ ਆਦਿ) ’ਤੇ ਨਾ ਜਾਣ ਸਬੰਧੀ ਸ਼ਰਧਾਲੂਆਂ ਨੂੰ ਜਾਗਰੂਕ ਕੀਤਾ ਜਾਵੇ। ਪੱਤਰ ਵਿਚ ਉਨ੍ਹਾਂ ਇਹ ਵੀ ਕਿਹਾ ਕਿ ਕਮਰਸ਼ੀਅਲ ਵਾਹਨਾਂ ’ਤੇ ਸ਼ਰਧਾਲੂਆਂ ਨੂੰ ਫੱਟੇ ਆਦਿ ਲਗਾ ਕੇ ਬਿਠਾਇਆ ਜਾਂਦਾ ਹੈ, ਜਿਸ ਨਾਲ ਜਿੱਥੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਉਥੇ ਕਿਸੇ ਗੰਭੀਰ ਹਾਦਸੇ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ: ਫਗਵਾੜਾ 'ਚ ਇਨਸਾਨੀਅਤ ਸ਼ਰਮਸਾਰ: ਲਾਵਾਰਸ ਥਾਂ ’ਤੇ ਸੁੱਟੀ ਨਵ-ਜਨਮੀ ਬੱਚੀ ਦੀ ਲਾਸ਼, ਕੁੱਤਿਆਂ ਨੇ ਨੋਚ-ਨੋਚ ਖਾਧੀ

ਪੱਤਰ ਵਿਚ ਭਾਰ ਢੋਹਣ ਵਾਲੇ ਵਾਹਨਾਂ ’ਤੇ ਰੋਕ ਸਬੰਧੀ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਹੁਸ਼ਿਆਰਪੁਰ ਨੂੰ ਕੀਤੀ ਗਈ ਬੇਨਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਸ਼ਰਧਾਲੂ ਮਾਤਾ ਚਿੰਤਪੂਰਨੀ ਮੇਲੇ ਵਿਚ ਜਾਣ ਦੌਰਾਨ ਕਮਰਸ਼ੀਅਲ ਵਾਹਨਾਂ ਦੀ ਵਰਤੋਂ ਨਾ ਕਰਨ। ਹੰਸ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਤਾ ਚਿੰਤਪੁਰਨੀ ਮੇਲੇ ਵਿਚ ਲੰਗਰ ਦੌਰਾਨ ਡੀ. ਜੇ. ਦੀ ਵਰਤੋਂ ’ਤੇ ਮਨਾਹੀ ਰਹੇਗੀ ਪਰ ਛੋਟੇ ਸਾਊਂਡ ਸਿਸਟਮ ਜ਼ਰੀਏ ਘੱਟ ਆਵਾਜ਼ ’ਤੇ ਧਾਰਮਿਕ ਗੀਤ ਚਲਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ 3 ਭਗੌੜੇ ਮੁਲਾਜ਼ਮ ਊਨਾ ਤੋਂ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ    

PunjabKesari

ਉਨ੍ਹਾਂ ਲੰਗਰ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘੱਟ ਆਵਾਜ਼ ਵਿੱਚ ਹੀ ਮਰਿਆਦਾ ਅਨੁਸਾਰ ਧਾਰਮਿਕ ਗੀਤ ਚਲਾਏ ਜਾਣ ਅਤੇ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਡੀ. ਜੇ. ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਦੌਰਾਨ ਸਫ਼ਾਈ ਵਿਵਸਥਾ ਬਰਕਰਾਰ ਰੱਖਣੀ ਵੀ ਯਕੀਨੀ ਬਣਾਈ ਜਾਵੇ, ਤਾਂ ਜੋ ਵਾਤਾਵਰਣ ਦੂਸ਼ਿਤ ਨਾ ਹੋ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਨਿਰਵਿਘਨ ਆਵਾਜਾਈ ਲਈ ਸੰਗਠਨਾਂ ਵਲੋਂ ਸੜਕ ਦੇ ਉਪਰ ਆ ਕੇ ਲੰਗਰ ਨਾ ਵਰਤਾਇਆ ਜਾਵੇ ਅਤੇ ਲੰਗਰ ਦੌਰਾਨ ਪਲਾਸਟਿਕ (ਜੋ ਬੈਨ ਹੋ ਚੁੱਕਾ ਹੈ) ਦੀ ਵਰਤੋਂ ਨਾ ਕੀਤੀ ਜਾਵੇ।       

31 ਜੁਲਾਈ, 2, 3 ਅਤੇ 4 ਅਗਸਤ ਨੂੰ ਰਹੇਗਾ ਟ੍ਰੈਫਿਕ ਡਾਇਵਰਸ਼ਨ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ 31 ਜੁਲਾਈ, 2, 3 ਅਤੇ 4 ਅਗਸਤ ਨੂੰ ਟ੍ਰੈਫਿਕ ਦਾ ਡਾਇਵਰਸ਼ਨ (ਵੱਖਰਾ ਰੂਟ) ਕੀਤਾ ਜਾਵੇਗਾ। ਜਿਸ ਤਹਿਤ ਸ਼ਰਧਾਲੂ ਹੁਸ਼ਿਆਰਪੁਰ ਤੋਂ ਗਗਰੇਟ-ਮੁਬਾਰਕਪੁਰ ਤੋਂ ਹੁੰਦੇ ਹੋਏ ਮਾਤਾ ਚਿੰਤਪੂਰਨੀ ਜਾਣਗੇ ਅਤੇ ਵਾਪਸੀ ਮਾਤਾ ਚਿੰਤਪੂਰਨੀ ਤੋਂ ਮੁਬਾਰਕਪੁਰ-ਅੰਬ-ਊਨਾ ਹੁੰਦੇ ਹੋਏ ਹੁਸ਼ਿਆਰਪੁਰ ਹੋਵੇਗੀ। ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ, ਇਸ ਲਈ ਲੰਗਰ ਕਮੇਟੀਆਂ ਵੱਲੋਂ ਇਹ ਰਜਿਸਟ੍ਰੇਸ਼ਨ ਐੱਸ. ਡੀ. ਐੱਮ. ਦਫ਼ਤਰ ਹੁਸ਼ਿਆਰਪੁਰ ਤੋਂ ਕਰਵਾਈ ਜਾ ਸਕਦੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹਨ ਪੁਖ਼ਤਾ ਪ੍ਰਬੰਧ
ਉਨ੍ਹਾਂ ਕਿਹਾ ਕਿ ਮਾਤਾ ਚਿੰਤਪੂਰਨੀ ਮੇਲੇ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ, ਜਿਸ ਤਹਿਤ ਸ਼ਰਧਾਲੂਆਂ ਦੀ ਸਹੂਲਤ ਲਈ ਮੋਬਾਇਲ, ਟੁਆਇਲਟਸ ਆਦਿ ਦਾ ਪ੍ਰਬੰਧ ਕਰਨ ਤੋਂ ਇਲਾਵਾ 24 ਘੰਟੇ ਸਿਹਤ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਲੰਗਰ ਕਮੇਟੀਆਂ ਨੂੰ ਸਫ਼ਾਈ ਵਿਵਸਥਾ ਬਰਕਰਾਰ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਬੈਨ ਕੀਤਾ ਗਿਆ ਹੈ, ਇਸ ਲਈ ਲੰਗਰ ਦੌਰਾਨ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ: ਪਾਵਰਕਾਮ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ, ਜਾਣੋ ਹੋਰ ਸ਼ਰਤਾਂ ਬਾਰੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News