ਮਾਤਾ ਚੰਦ ਕੌਰ ਕਤਲ ਕਾਂਡ: ਹੱਤਿਆਰੇ ਕੌਣ, ਕਿਸ ਨੇ ਰਚੀ ਸਾਜ਼ਿਸ਼

Friday, Jun 21, 2019 - 10:31 AM (IST)

ਮਾਤਾ ਚੰਦ ਕੌਰ ਕਤਲ ਕਾਂਡ: ਹੱਤਿਆਰੇ ਕੌਣ, ਕਿਸ ਨੇ ਰਚੀ ਸਾਜ਼ਿਸ਼

ਜਲੰਧਰ (ਸੋਮਨਾਥ) - ਪੰਜਾਬ ਪੁਲਸ ਨੇ ਬੀਤੇ ਕੁਝ ਸਾਲਾਂ 'ਚ ਸੂਬੇ 'ਚ ਹਿੰਦੂ ਅਤੇ ਧਾਰਮਿਕ ਨੇਤਾਵਾਂ ਦੀ ਹੱਤਿਆ ਦੀ ਗੁੱਥੀ ਸੁਲਝਾ ਕੇ ਸ਼ਲਾਘਾਯੋਗ ਕੰਮ ਕੀਤਾ ਸੀ। ਇਸ ਸਬੰਧੀ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਹੜੇ ਨੇਤਾਵਾਂ ਦੀ ਹੱਤਿਆ ਦੇ ਮਾਮਲੇ ਸੁਲਝਾਏ ਗਏ ਸਨ, ਉਨ੍ਹਾਂ 'ਚ ਸੰਘ ਨੇਤਾ ਜਗਦੀਸ਼ ਗਗਨੇਜਾ ਅਤੇ ਰਵਿੰਦਰ ਗੁਸਾਈਂ, ਅਮਿਤ ਅਰੋੜਾ, ਦੁਰਗਾਦਾਸ ਗੁਪਤਾ, ਅਮਿਤ ਸ਼ਰਮਾ, ਸਤਪਾਲ, ਰਮੇਸ਼ ਕੁਮਾਰ ਤੇ ਸੁਲਤਾਨ ਮਸੀਹ ਦੀ ਹੱਤਿਆ ਦੇ ਮਾਮਲੇ ਸ਼ਾਮਲ ਹਨ ਪਰ ਨਾਮਧਾਰੀ ਭਾਈਚਾਰੇ ਦੇ ਜਗਤਗੁਰੂ ਸਵ. ਜਗਜੀਤ ਸਿੰਘ ਦੀ ਧਰਮ ਪਤਨੀ ਤੇ ਗੁਰੂ ਮਾਂ ਚੰਦ ਕੌਰ ਦੇ ਕਤਲ ਹੋਏ ਨੂੰ 3 ਸਾਲ ਹੋ ਚੁੱਕੇ ਹਨ, ਹਾਲੇ ਤਕ ਨਾ ਤਾਂ ਇਸ ਹੱਤਿਆਕਾਂਡ ਦੀ ਜਾਂਚ ਲਈ ਗਠਿਤ ਐੱਸ. ਆਈ. ਟੀ. ਹਤਿਆਰਿਆਂ ਦੇ ਗਿਰੇਬਾਨ ਤਕ ਪਹੁੰਚ ਸਕੀ ਹੈ ਅਤੇ ਨਾ ਹੀ ਸੀ. ਬੀ. ਆਈ.। ਹੁਣ ਇਸ ਹੱਤਿਆ ਕਾਂਡ ਦੀ ਜਾਂਚ ਐੱਨ. ਆਈ. ਏ. ਨੂੰ ਸੌਂਪੇ ਜਾਣ ਦੀ ਮੰਗ ਕੀਤੀ ਜਾਣ ਲੱਗੀ ਹੈ , ਜਿਸ ਕਾਰਨ ਸੰਗਤਾਂ ਵਿਚ ਰੋਸ ਵਧਦਾ ਜਾ ਰਿਹਾ ਹੈ।

ਸੰਗਤ ਦੇ ਮਨ 'ਚ ਵਾਰ-ਵਾਰ ਇਕ ਸਵਾਲ ਉਠ ਰਿਹਾ ਹੈ ਕਿ ਭੈਣੀ ਸਾਹਿਬ 'ਚ ਇੰਨੀ ਸਕਿਓਰਿਟੀ ਹੋਣ ਦੇ ਬਾਵਜੂਦ ਕਾਤਲ ਬੜੀ ਆਸਾਨੀ ਨਾਲ ਅੰਦਰ ਕਿਵੇਂ ਦਾਖਲ ਹੋ ਗਏ ਅਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਵੀ ਹੋ ਗਏ। ਆਖਿਰ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਕੌਣ ਹਨ, ਇਸ ਹੱਤਿਆ ਕਾਂਡ ਦੀ ਸਾਜ਼ਿਸ਼ ਕਿਸ ਨੇ ਰਚੀ ਤੇ ਸਾਥ ਕਿਸ ਨੇ ਦਿੱਤਾ। ਇਸ ਤੋਂ ਹਾਲੇ ਪਰਦਾ ਨਹੀਂ ਉਠ ਸਕਿਆ ਜਦਕਿ ਧੜਿਆਂ 'ਚ ਵੰਡੇ ਫਿਰਕਿਆਂ ਵਲੋਂ ਇਕ-ਦੂਜੇ 'ਤੇ ਦੋਸ਼-ਪ੍ਰਤੀ ਦੋਸ਼ ਲਾਏ ਜਾਣ ਦਾ ਸਿਲਸਿਲਾ ਜਾਰੀ ਹੋ ਚੁੱਕਾ ਹੈ, ਜਿਸ ਨਾਲ ਸੰਗਤ 'ਚ ਪੁਲਸ ਪ੍ਰਸ਼ਾਸਨ ਅਤੇ ਖੁਫੀਆ ਏਜੰਸੀਆਂ ਖਿਲਾਫ ਰੋਸ ਪਾਇਆ ਜਾ ਰਿਹਾ ਹੈ।

ਸੁਰੱਖਿਆ 'ਤੇ ਉਠੇ ਸਵਾਲ
ਠਾਕੁਰ ਦਲੀਪ ਸਿੰਘ ਦੇ ਸਕੱਤਰ ਨਵਤੇਜ ਸਿੰਘ ਅਤੇ ਪੰਥਕ ਏਕਤਾ ਕਮੇਟੀ ਦੇ ਸਕੱਤਰ ਅਰਵਿੰਦਰ ਸਿੰਘ ਲਾਡੀ, ਸੂਬਾ ਦਰਸ਼ਨ ਸਿੰਘ, ਪਲਵਿੰਦਰ ਸਿੰਘ ਅਤੇ ਰਾਜਪਾਲ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਵਾਲ ਕੀਤਾ ਕਿ ਭੈਣੀ ਸਾਹਿਬ ਦੀ ਕਿਲੇ ਵਰਗੀ ਚਾਰਦੀਵਾਰੀ, ਜਿਥੇ ਹਰ ਸਮੇਂ 60-70 ਦੀ ਸਕਿਓਰਿਟੀ ਹਰ ਸਮੇਂ ਤਾਇਨਾਤ ਰਹਿੰਦੀ ਹੈ ਅਤੇ ਇਥੋਂ ਤਕ ਕਿ ਬੇਬੇ ਦਲੀਪ ਕੌਰ ਨੂੰ ਵੀ ਉਥੇ ਨਹੀਂ ਜਾਣ ਦਿੱਤਾ, ਫਿਰ ਮੋਟਰਸਾਈਕਲ 'ਤੇ ਆਏ ਹਥਿਆਰਬੰਦ ਹਤਿਆਰੇ ਅੰਦਰ ਕਿਵੇਂ ਚਲੇ ਗਏ ਅਤੇ ਮਾਤਾ ਚੰਦ ਕੌਰ ਨੂੰ ਗੋਲੀਆਂ ਮਾਰ ਕੇ ਵਾਪਸ ਕਿਵੇਂ ਚਲੇ ਗਏ? ਉਹ ਵੀ ਉਦੋਂ ਜਦੋਂ ਚੱਪੇ-ਚੱਪੇ 'ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ। ਉਨ੍ਹਾਂ ਸਵਾਲ ਕੀਤਾ ਕਿ ਇੰਨੇ ਕੈਮਰੇ ਲੱਗੇ ਹੋਣ ਦੇ ਬਾਵਜੂਦ ਕਾਤਲ ਨਜ਼ਰ ਨਹੀਂ ਆਏ, ਇਹ ਕਿਵੇਂ ਸੰਭਵ ਹੋ ਸਕਦਾ ਹੈ। ਉਨ੍ਹਾਂ ਇਹ ਸਵਾਲ ਵੀ ਕੀਤਾ ਕਿ ਇਸ ਕਤਲ ਕਾਂਡ ਦੇ ਸਮੇਂ ਮਾਤਾ ਜੀ ਦੇ ਨਿੱਜੀ ਡਰਾਈਵਰ ਅਤੇ ਬਾਡੀਗਾਰਡ ਕੇਸਰ ਸਿੰਘ ਕਿਥੇ ਚਲੇ ਗਏ ਸਨ। ਮਾਤਾ ਜੀ ਨਾਲ ਬੈਠੇ ਡਰਾਈਵਰ ਅਤੇ ਇਕ ਹੋਰ ਬੀਬੀ ਨੂੰ ਝਰੀਟ ਤੱਕ ਨਹੀਂ ਆਈ।

ਸੀ. ਬੀ. ਆਈ. ਅਤੇ ਐੱਸ. ਆਈ. ਟੀ. ਵਲੋਂ ਜਾਰੀ ਸਕੈੱਚ ਇਕੋ ਜਿਹੇ
ਬੀਤੇ ਮਹੀਨੇ ਇਸ ਮਾਮਲੇ 'ਚ ਸੀ. ਬੀ. ਆਈ. ਨੇ ਦੋ ਸ਼ੱਕੀ ਨੌਜਵਾਨਾਂ ਦੇ ਸਕੈੱਚ ਜਾਰੀ ਕੀਤੇ ਹਨ ਅਤੇ ਇਹ ਐਲਾਨ ਕੀਤਾ ਹੈ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਪਛਾਣ ਦੱਸਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਹੱਤਿਆਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵੀ ਹਤਿਆਰਿਆਂ ਦੇ ਸਕੈੱਚ ਜਾਰੀ ਕਰ ਚੁੱਕੀ ਹੈ। ਐੱਸ. ਆਈ. ਟੀ. ਨੇ ਇਹ ਸਕੈੱਚ ਮਾਤਾ ਚੰਦ ਕੌਰ ਦੇ ਨਾਲ ਮੌਜੂਦਾ ਸੇਵਾਦਾਰਾਂ ਤੋਂ ਪੁੱਛਗਿਛ ਦੇ ਬਾਅਦ ਤਿਆਰ ਕੀਤੇ ਸਨ। ਦੋਹਾਂ ਸਕੈੱਚਾਂ 'ਚ ਦੋਸ਼ੀ ਇਕ ਹੀ ਹੈ। ਓਧਰ ਉਸ ਸਮੇਂ ਦੇ ਪੁਲਸ ਕਮਿਸ਼ਨਰ ਲੁਧਿਆਣਾ ਅਤੇ ਜਾਂਚ ਟੀਮ ਦੇ ਮੈਂਬਰ ਜਤਿੰਦਰ ਸਿੰਘ ਔਲਖ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਕੋਈ ਵੀ ਸੀ. ਸੀ. ਟੀ. ਵੀ. ਕੈਮਰਾ ਨਾ ਹੋਣ ਦੀ ਗੱਲ ਕਹੀ ਸੀ।


author

rajwinder kaur

Content Editor

Related News