ਅੱਧੀ ਰਾਤੀਂ ਭਾਖੜਾ ਨਹਿਰ 'ਤੇ ਪੁੱਜੀ ਵਿਆਹੁਤਾ, ਚੁੱਕਿਆ ਅਜਿਹਾ ਖ਼ੌਫ਼ਨਾਕ ਕਦਮ, ਸਾਰੇ ਪਰਿਵਾਰ ਦੇ ਉੱਡੇ ਹੋਸ਼
Sunday, Jun 14, 2026 - 03:17 PM (IST)
ਸ੍ਰੀ ਕੀਰਤਪੁਰ ਸਾਹਿਬ (ਸ.ਹ.)- ਪਤੀ ਵੱਲੋਂ ਤੰਗ ਪਰੇਸ਼ਾਨ ਕਰਨ ਨੂੰ ਲੈ ਕੇ ਵਿਆਹੁਤਾ ਕੁੜੀ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਕੀਰਤਪੁਰ ਸਾਹਿਬ ਪੁਲਸ ਵਿਆਹੁਤਾ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਥਾਣਾ ਮੁਖੀ ਸ੍ਰੀ ਕੀਰਤਪੁਰ ਸਾਹਿਬ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਅਜੈ ਕੁਮਾਰ ਵਾਸੀ ਪਿੰਡ ਭੰਗਲ, ਥਾਣਾ ਨੰਗਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਛੋਟੀ ਭੈਣ ਰੇਖਾ ਦੇਵੀ (26) ਦਾ ਵਿਆਹ ਕਰੀਬ 6 ਸਾਲ ਪਹਿਲਾਂ ਪਵੇਲ ਸਿੰਘ ਵਾਸੀ ਪਿੰਡ ਤਾਜਪੁਰ, ਥਾਣਾ ਕੀਰਤਪੁਰ ਸਾਹਿਬ ਨਾਲ ਹੋਇਆ ਸੀ, ਜਿਸ ਦੇ ਦੋ ਬੱਚੇ ਹਨ।
ਇਹ ਵੀ ਪੜ੍ਹੋ: Punjab: ਸਰਕਾਰੀ ਸਕੂਲ 'ਚ ਸ਼ੱਕੀ ਹਾਲਾਤ 'ਚ ਪ੍ਰਵਾਸੀ ਮਜ਼ਦੂਰ ਦਾ ਕਤਲ! ਫ਼ੈਲੀ ਦਹਿਸ਼ਤ
ਉਸ ਨੇ ਦੱਸਿਆ ਕਿ ਵਿਆਹ ਤੋਂ ਕਰੀਬ ਇਕ ਸਾਲ ਬਾਅਦ ਹੀ ਰੇਖਾ ਦੇ ਪਤੀ ਪਵੇਲ ਸਿੰਘ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਛੋਟੀ-ਛੋਟੀ ਗੱਲ ’ਤੇ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ। ਇਸ ਸਬੰਧੀ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰ ਵਿਅਕਤੀਆਂ ਵੱਲੋਂ ਕਈ ਵਾਰ ਪਵੇਲ ਸਿੰਘ ਨੂੰ ਸਮਝਾਇਆ ਗਿਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ। ਅਜੈ ਕੁਮਾਰ ਨੇ ਦੱਸਿਆ ਕਿ ਪਵੇਲ ਸਿੰਘ ਅੱਜ ਤੱਕ ਵੀ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਸੀ, ਜਿਸ ਬਾਰੇ ਰੇਖਾ ਨੇ ਕਈ ਵਾਰ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ।
ਇਸੇ ਕਾਰਨ ਉਸ ਦੀ ਭੈਣ ਰੇਖਾ ਦੇਵੀ ਨੇ ਆਪਣੇ ਪਤੀ ਤੋਂ ਤੰਗ ਆ ਕੇ 10 ਜੂਨ ਦੀ ਰਾਤ ਕਰੀਬ 11 ਵਜੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਅਗਲੇ ਦਿਨ 11 ਜੂਨ ਨੂੰ ਉਸ ਦੀ ਲਾਸ਼ ਪਿੰਡ ਲਾਢਲ ਦੇ ਨੇੜੇ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ। ਇਸ ਬਾਰੇ ਰੇਖਾ ਦੀ ਜੇਠਾਣੀ ਨੇ ਫੋਨ ਕਰਕੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਭੈਣ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਅਜੈ ਕੁਮਾਰ ਨੇ ਦੋਸ਼ ਲਗਾਇਆ ਕਿ ਪਵੇਲ ਸਿੰਘ ਵੱਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕੀਤੇ ਜਾਣ ਕਾਰਨ ਹੀ ਉਸ ਦੀ ਭੈਣ ਰੇਖਾ ਦੇਵੀ ਨੇ ਇਹ ਕਦਮ ਚੁੱਕਿਆ ਹੈ। ਉਸ ਨੇ ਪਵੇਲ ਸਿੰਘ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ 16 ਤੇ 17 ਤਾਰੀਖ਼ ਲਈ ਹੋਇਆ ਵੱਡਾ ਐਲਾਨ! ਝਲਣੀ ਪਵੇਗੀ ਵੱਡੀ ਮੁਸੀਬਤ, PSPCL ਦੇ ਵਰਕਰਾਂ ਨੇ...
ਥਾਣਾ ਮੁਖੀ ਨੇ ਦੱਸਿਆ ਕਿ 12 ਜੂਨ ਨੂੰ ਉਨ੍ਹਾਂ ਨੂੰ ਵਾਇਰਲੈੱਸ ਰਾਹੀਂ ਸੂਚਨਾ ਮਿਲੀ ਸੀ ਕਿ ਪਿੰਡ ਲਾਢਲ ਨੇੜੇ ਭਾਖੜਾ ਨਹਿਰ ਵਿਚੋਂ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਵੱਲੋਂ ਲਾਸ਼ ਦੀ ਪਛਾਣ ਲਈ ਉਸ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਰੂਪਨਗਰ ਦੇ ਮੋਰਚਰੀ ਘਰ ਵਿਚ ਰੱਖਵਾਇਆ ਗਿਆ। ਬਾਅਦ ਵਿਚ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਰੂਪਨਗਰ ਪਹੁੰਚ ਕੇ ਉਸ ਦੀ ਸ਼ਨਾਖ਼ਤ ਰੇਖਾ ਦੇਵੀ ਵਜੋਂ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਕੀਰਤਪੁਰ ਸਾਹਿਬ ਵਿਚ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਉਸ ਦੇ ਪਤੀ ਪਵੇਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਜਨਮਦਿਨ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਟਿਊਸ਼ਨ ਤੋਂ ਘਰ ਆਉਂਦਿਆਂ ਮੁੰਡੇ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
