ਵਿਆਹ ਵਿਚ ਮੁੰਦਰੀ ਨਾ ਮਿਲਣ ’ਤੇ ਲੋਹਾ ਲਾਖਾ ਹੋਇਆ ਪਤੀ, ਪਤਨੀ ਤੇ ਸਹੁਰੇ ਨੂੰ ਕੁੱਟ ਸੁੱਟਿਆ

Wednesday, Jan 10, 2024 - 05:29 PM (IST)

ਵਿਆਹ ਵਿਚ ਮੁੰਦਰੀ ਨਾ ਮਿਲਣ ’ਤੇ ਲੋਹਾ ਲਾਖਾ ਹੋਇਆ ਪਤੀ, ਪਤਨੀ ਤੇ ਸਹੁਰੇ ਨੂੰ ਕੁੱਟ ਸੁੱਟਿਆ

ਮੋਗਾ (ਆਜ਼ਾਦ) : ਥਾਣਾ ਸਦਰ ਅਧੀਨ ਪੈਂਦੇ ਪਿੰਡ ਖੋਸਾ ਪਾਂਡੋ ਨਿਵਾਸੀ ਲਖਵੀਰ ਸਿੰਘ ਵੱਲੋਂ ਵਿਆਹ ਵਿਚ ਸੋਨੇ ਦੀ ਮੁੰਦਰੀ ਨਾ ਮਿਲਣ ’ਤੇ ਆਪਣੀ ਪਤਨੀ ਅਤੇ ਸਹੁਰੇ ’ਤੇ ਹਮਲਾ ਕਰਕੇ ਬੁਰੀ ਤਰ੍ਹਾਂ ਕੁੱਟ-ਮਾਰ ਕਰਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿਚ ਥਾਣਾ ਸਦਰ ਪੁਲਸ ਵੱਲੋਂ ਕਰਨੈਲ ਸਿੰਘ ਨਿਵਾਸੀ ਪਿੰਡ ਬੁੱਘੀਪੁਰਾ ਦੀ ਸ਼ਿਕਾਇਤ ’ਤੇ ਉਸ ਦੇ ਜਵਾਈ ਲਖਵੀਰ ਸਿੰਘ ਅਤੇ ਉਸਦੇ ਪਿਤਾ ਗੁਰਦੇਵ ਸਿੰਘ ਨਿਵਾਸੀ ਪਿੰਡ ਖੋਸਾ ਪਾਂਡੋ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਕਰਨੈਲ ਸਿੰਘ ਨੇ ਕਿਹਾ ਕਿ ਉਸਦੀ ਬੇਟੀ ਪਰਮਜੀਤ ਕੌਰ ਦਾ ਵਿਆਹ ਲਖਵੀਰ ਸਿੰਘ ਨਾਲ ਹੋਇਆ ਹੈ। 

ਬੀਤੀ 12 ਦਸੰਬਰ 2023 ਨੂੰ ਮੇਰੀ ਬੇਟੀ ਅਤੇ ਉਸਦਾ ਪਤੀ ਮੇਰੇ ਤਾਏ ਦੇ ਪੋਤਰੇ ਹਰਪ੍ਰੀਤ ਸਿੰਘ ਦੇ ਵਿਆਹ ਵਿਚ ਆਏ ਸਨ, ਜੋ ਵਿਆਹ ਤੋਂ ਬਾਅਦ ਆਪਣੇ ਘਰ ਵਾਪਸ ਚਲੇ ਗਏ। ਸ਼ਾਮ ਨੂੰ ਉਸਦੀ ਬੇਟੀ ਨੇ ਫੋਨ ਕਰਕੇ ਦੱਸਿਆ ਕਿ ਮੇਰੇ ਪਤੀ ਲਖਵੀਰ ਸਿੰਘ ਨੇ ਮੇਰੀ ਕੁੱਟ-ਮਾਰ ਕੀਤੀ ਹੈ ਅਤੇ ਕਹਿੰਦਾ ਹੈ ਕਿ ਵਿਆਹ ਵਿਚ ਮੈਨੂੰ ਸੋਨੇ ਦੀ ਮੁੰਦਰੀ ਕਿਉਂ ਨਹੀਂ ਦਿੱਤੀ, ਜਿਸ ’ਤੇ ਮੈਂ ਆਪਣੀ ਭਰਜਾਈ ਸੁਖਦੇਵ ਕੌਰ, ਤਾਏ ਦੇ ਲੜਕੇ ਨਿਰਮਲ ਸਿੰਘ ਨੂੰ ਨਾਲ ਲੈ ਕੇ ਆਪਣੀ ਬੇਟੀ ਦੇ ਸਹੁਰੇ ਘਰ ਖੋਸਾ ਪਾਂਡੋ ਪੁੱਜੇ, ਜਿੱਥੇ ਸਾਡਾ ਲਖਵੀਰ ਸਿੰਘ ਅਤੇ ਉਸਦੇ ਪਿਤਾ ਗੁਰਦੇਵ ਸਿੰਘ ਨਾਲ ਤਕਰਾਰ ਹੋ ਗਿਆ ਅਤੇ ਅਸੀਂ ਆਪਣੀ ਬੇਟੀ ਨੂੰ ਕੁੱਟ-ਮਾਰ ਕਰਨ ਦਾ ਕਾਰਣ ਪੁੱਛਿਆ ਤਾਂ ਉਨ੍ਹਾਂ ਮੇਰੀ ਲੜਕੀ ਪਰਮਜੀਤ ਕੌਰ ਅਤੇ ਮੇਰੇ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ’ਤੇ ਸਾਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਡਾਕਟਰ ਵੱਲੋਂ ਐਕਸਰੇ ਰਿਪੋਰਟ ਭੇਜਣ ਦੇ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News