ਰੱਬ ਕੋਲੋਂ ਮੌਤ ਮੰਗ ਰਹੀ ਸ਼ਹੀਦ ਦੀ ਮਾਂ ਦੀ ਸਰਬੱਤ ਦਾ ਭਲਾ ਟਰੱਸਟ ਨੇ ਫੜ੍ਹੀ ਬਾਂਹ

Friday, Jul 31, 2020 - 03:54 PM (IST)

ਰੱਬ ਕੋਲੋਂ ਮੌਤ ਮੰਗ ਰਹੀ ਸ਼ਹੀਦ ਦੀ ਮਾਂ ਦੀ ਸਰਬੱਤ ਦਾ ਭਲਾ ਟਰੱਸਟ ਨੇ ਫੜ੍ਹੀ ਬਾਂਹ

ਅੰਮ੍ਰਿਤਸਰ, ਮਾਨਸਾ (ਸੁਮਿਤ ਖੰਨਾ) : ਮਾਨਸਾ ਜ਼ਿਲ੍ਹੇ ਦੇ ਪਿੰਡ ਕੁਸਲਾ ਦੇ ਕਾਰਗਿਲ ਜੰਗ 'ਚ ਸ਼ਹੀਦ ਹੋਏ ਨਿਰਮਲ ਸਿੰਘ ਦੀ ਬਜ਼ੁਰਗ ਮਾਂ ਦੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਮਦਦ ਲਈ ਅੱਗੇ ਹਨ। 28 ਸਾਲਾ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੀ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੀ ਬਜ਼ੁਰਗ ਮਾਂ ਦੇ ਦਿਲ ਨੂੰ ਵਲੂੰਧਰਣ ਵਾਲੇ ਹਲਾਤ ਵੇਖ ਕੇ ਅੱਜ ਉਚੇਚੇ ਤੌਰ 'ਤੇ ਸ਼ਹੀਦ ਦੇ ਪਿੰਡ ਪਹੁੰਚੇ ਡਾ. ਓਬਰਾਏ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਦੀ ਬਜ਼ੁਰਗ ਮਾਤਾ ਦੇ ਬੇਹੱਦ ਤਰਸਯੋਗ ਹਾਲਾਤਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦਾ ਮਨ ਪਸੀਜ ਗਿਆ। ਇਸ ਤੋਂ ਬਾਅਦ ਉਹ ਤੁਰੰਤ ਮਾਤਾ ਨੂੰ ਮਿਲਣ ਲਈ ਪਹੁੰਚ ਗਏ।

ਉਨ੍ਹਾਂ ਕਿਹਾ ਕਿ ਦੇਸ਼ ਲਈ ਪੁੱਤ ਕੁਰਬਾਨ ਕਰਨ ਵਾਲੀ ਮਾਂ ਦਾ ਦੇਣ ਤਾਂ ਕੋਈ ਵੀ ਕਦੇ ਨਹੀਂ ਦੇ ਸਕਦਾ ਪਰ ਫਿਰ ਵੀ ਉਨ੍ਹਾਂ ਆਪਣੇ ਵਲੋਂ ਉਸ ਨੂੰ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਤੋਂ ਇਲਾਵਾ ਉਨ੍ਹਾਂ ਦੀ ਸਾਂਭ ਸੰਭਾਲ ਲਈ 2500 ਰੁਪਏ ਪ੍ਰਤੀ ਮਹੀਨਾ ਦੀ ਤਨਖ਼ਾਹ ਨਾਲ ਇਕ ਕੇਅਰ ਟੇਕਰ ਦਾ ਵੀ ਪ੍ਰਬੰਧ ਕੀਤਾ ਹੈ, ਜੋ ਮਾਤਾ ਜੀ ਦਾ ਖਾਣਾ ਬਣਾਉਣ, ਕੱਪੜੇ ਆਦਿ ਧੋਣ ਦੇ ਨਾਲ-ਨਾਲ ਹੋਰ ਕੰਮ ਵੀ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਤਾ ਨੂੰ ਨਵਾਂ ਘਰ ਬਣਾ ਕੇ ਦੇਣ ਦਾ ਫ਼ੈਸਲਾ ਵੀ ਕੀਤਾ ਸੀ ਪਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਸ ਬਾਬਤ ਪਹਿਲਾਂ ਹੀ ਇਕ ਸਮਾਜ ਸੇਵੀ ਸੰਸਥਾ ਨੇ ਜ਼ਿੰਮੇਵਾਰੀ ਚੁੱਕ ਲਈ ਹੈ ਅਤੇ ਘਰ ਬਣਾਉਣ 'ਚ ਉਹ ਉਸ ਸੰਸਥਾ ਨੂੰ ਵੀ ਸਹਿਯੋਗ ਦੇਣਗੇ।

ਇਹ ਵੀ ਪੜ੍ਹੋਂ : ਸੈਕਸ ਵਰਕਰਾਂ ਦੀ ਮਦਦ ਲਈ ਅੱਗੇ ਆਏ ਕ੍ਰਿਕਟਰ ਗੌਤਮ ਗ਼ਭੀਰ, ਚੁੱਕਿਆ ਇਹ ਵੱਡਾ ਕਦਮ
PunjabKesariਇਸ ਦੌਰਾਨ ਮੌਜੂਦ ਕੁਸਲਾ ਪਿੰਡ ਦੇ ਸਰਪੰਚ ਮਨਜੀਤ ਸਿੰਘ ਤੇ ਸਮੁੱਚੀ ਪੰਚਾਇਤ ਸਮੇਤ ਪਿੰਡ ਵਾਸੀਆਂ ਨੇ ਡਾ. ਓਬਰਾਏ ਵਲੋਂ ਕੀਤੇ ਇਸ ਵੱਡੇ ਪਰਉਪਕਾਰ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਦੇਸ਼ ਦੀ ਰੱਖਿਆ ਲਈ ਆਪਣਾ ਹੀਰੇ ਵਰਗਾ ਪੁੱਤ ਕੁਰਬਾਨ ਕਰਨ ਵਾਲੀ ਜਗੀਰ ਕੌਰ ਨਾਂ ਦੀ ਇਸ ਬਜ਼ੁਰਗ ਮਾਂ ਨੂੰ ਮਨਰੇਗਾ ਤਹਿਤ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ 'ਚ ਚੋਂਦੇ ਇਕ ਕੋਠੇ ਵਾਲੇ ਘਰ 'ਚ ਰਹਿ ਰਹੀ ਇਸ ਮਾਤਾ ਨੂੰ ਕਈ ਵਾਰ ਭੁੱਖੇ ਢਿੱਡ ਵੀ ਸੌਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਬਜ਼ੁਰਗ ਅਵਸਥਾ 'ਚ ਜਿੱਥੇ ਮਾਤਾ ਦੇ ਆਪਣੇ ਕਰੀਬੀ ਸਾਥ ਛੱਡ ਗਏ ਉੱਥੇ ਹੀ ਸਰਕਾਰ ਨੇ ਵੀ ਇਸ ਦੀ ਬਾਂਹ ਨਹੀਂ ਫੜੀ।

ਉਨ੍ਹਾਂ ਦੱਸਿਆ ਕਿ ਨਾ ਤਾਂ ਮਾਤਾ ਨੂੰ ਸਰਕਾਰ ਵਲੋਂ ਕੇਵਲ ਆਮ ਲੋਕਾਂ ਵਾਂਗ ਸਧਾਰਨ ਬੁਢਾਪਾ ਪੈਨਸ਼ਨ ਹੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਇਸ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਿੰਡ 'ਚ ਸ਼ਹੀਦ ਨਿਰਮਲ ਸਿੰਘ ਦੀ ਸਰਕਾਰ ਵਲੋਂ ਕੋਈ ਯਾਦਗਾਰ ਨਹੀਂ ਬਣਾਈ ਗਈ ਜਦਕਿ ਪਿੰਡ 'ਚ ਲੱਗਾ ਉਸ ਦਾ ਬੁੱਤ ਵੀ ਕਿਸੇ ਸੰਸਥਾ ਨੇ ਬਣਵਾਇਆ ਹੈ। ਉਨ੍ਹਾਂ ਮੁੜ ਡਾ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਇਸ ਵੱਡੀ ਮਦਦ ਸਦਕਾ ਜ਼ਿੰਦਗੀ ਦੇ ਅੰਤਿਮ ਪੜਾਅ 'ਚ ਮਾਤਾ ਦਾ ਜੀਵਨ ਸੁਖਾਲਾ ਗੁਜ਼ਰ ਸਕੇਗਾ। ਇਸ ਮੌਕੇ ਟਰੱਸਟ ਦੀ ਮਾਨਸਾ ਇਕਾਈ ਦੇ ਕੈਸ਼ੀਅਰ ਮਦਨ ਲਾਲ, ਮੈਂਬਰ ਸੁਭਾਸ਼ ਚੰਦਰ ਆਦਿ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ।

ਇਹ ਵੀ ਪੜ੍ਹੋਂ : ਟਵਿੱਟਰ 'ਤੇ WWE ਦੀ ਰੈਸਲਰ ਨੂੰ ਲੋਕ ਭੇਜ ਰਹੇ ਨੇ ਗੰਦੇ ਮੈਸੇਜ, ਦੁਖੀ ਹੋ ਕੀਤਾ ਇਹ ਐਲਾਨ


author

Baljeet Kaur

Content Editor

Related News