ਪ੍ਰਕਾਸ਼ ਸਿੰਘ ਬਾਦਲ ਜੇਲ ਜਾਣ ਤੋਂ ਨਹੀਂ ਡਰਦੇ : ਬੀਬਾ ਬਾਦਲ (ਵੀਡੀਓ)
Saturday, Feb 23, 2019 - 11:00 AM (IST)
ਮਾਨਸਾ (ਅਮਰਜੀਤ)— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ਼ੁੱਕਰਵਾਰ ਨੂੰ ਮਾਨਸਾ ਦੇ ਗੁਰੂ ਨਾਨਕ ਦੇਵ ਕਾਲਜ ਪਹੁੰਚੀ, ਜਿੱਥੇ ਉਨ੍ਹਾਂ ਇਨਾਮ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਪੱਤਰਕਾਰਾਂ ਨਾਲ ਰੂਬਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਨੂੰ ਪਾਣੀ 'ਤੇ ਰੋਕ, ਸਰਕਾਰ ਦੇ ਕਾਰਜਕਾਲ 'ਚ ਕਮੀਆਂ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਡੀ.ਜੀ.ਪੀ. ਨੂੰ ਫੋਨ ਕਰਕੇ ਗ੍ਰਿਫਤਾਰ ਕਰਨ ਬਾਰੇ ਬੋਲਿਆ।
ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸਿੰਧ ਜਲ ਸੰਧੀ ਤਹਿਤ ਆਪਣੇ ਹਿੱਸੇ ਦੇ ਪਾਣੀਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦੇ ਫੈਸਲੇ 'ਤੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਅਤੇ ਉਹ ਇਸ ਦਾ ਸਵਾਗਤ ਕਰਦੇ ਹਨ, ਕਿਉਂਕਿ ਪਾਕਿਸਤਾਨ ਲਗਾਤਾਰ ਭਾਰਤ ਵਿਰੁੱਧ ਸਾਜ਼ਿਸ਼ਾਂ ਰਚ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਦੇ ਕਾਰਜਕਾਲ 'ਚ ਕਮੀਆਂ 'ਤੇ ਬੋਲਦੇ ਹੋਏ ਕਿਹਾ ਕਿ ਕਮੀਆਂ ਤਾਂ ਹਰ ਇਕ ਇਨਸਾਨ ਵਿਚ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਕੋਲੋਂ ਪੁੱਛਣਾ ਚਾਹੁੰਦੀ ਹਾਂ ਕਿ ਕਮੀਆਂ ਇਸ ਸਰਕਾਰ ਵਿਚ ਵਧ ਹਨ ਜਾਂ ਫਿਰ ਸਾਡੀ ਸਰਕਾਰ ਵਿਚ ਵੱਧ ਸਨ।
ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸ ਦਾ ਏਜੰਡਾ ਹੀ ਰਿਹਾ ਹੈ ਕਿ ਬਾਦਲ ਪਰਿਵਾਰ ਨੂੰ ਫੜ ਕੇ ਅੰਦਰ ਕੀਤਾ ਜਾਏ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਬਾਦਲ ਸਾਬ੍ਹ ਜਾਂ ਬਾਦਲ ਪਰਿਵਾਰ ਜੇਲ ਜਾਣ ਤੋਂ ਡਰਦੇ ਹਨ। ਇਸ ਲਈ ਬੇਅਦਬੀ ਮਾਮਲੇ 'ਤੇ ਸਾਜਿਸ਼ ਰਚ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ 'ਤੇ ਬਾਦਲ ਸਾਬ੍ਹ ਨੇ ਕਿਹਾ ਹੈ ਕਿ ਉਹ ਗ੍ਰਿਫਤਾਰੀ ਲਈ ਤਿਆਰ ਹਨ।