ਸੂਬੇ ਨੂੰ ਮੁੜ ਲੀਹਾਂ ''ਤੇ ਲਿਆਉਣ ਦੀ ਮਨਪ੍ਰੀਤ ਬਾਦਲ ਦੀ ਜਾਣੋਂ ਨਵੀਂ ਰਣਨੀਤੀ
Tuesday, Apr 14, 2020 - 03:36 PM (IST)
ਜਲੰਧਰ (ਵੈੱਬਡੈਸਕ)- ਕੋਰੋਨਾਵਾਇਰਸ ਕਾਰਣ ਮੁਸ਼ਕਿਲ ਵਿਚ ਘਿਰੇ ਪੰਜਾਬ ਨੂੰ ਲੀਹਾਂ 'ਤੇ ਲਿਆਉਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਰਥਿਕ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਮਨਪ੍ਰੀਤ ਸਿੰਘ ਬਾਦਲ ਨੇ ਇਕ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਸ ਨਾਲ ਇੰਟਰਵਿਊ ਦੌਰਾਨ ਕੀਤਾ। ਇਸ ਦੌਰਾਨ ਉਹਨਾਂ ਕੋਰੋਨਾਵਾਇਰਸ ਤੇ ਲਾਕਡਾਊਨ ਕਾਰਣ ਸੂਬੇ ਨੂੰ ਹੋਏ ਭਾਰੀ ਆਰਥਿਕ ਨੁਕਸਾਨ ਬਾਰੇ ਵੀ ਜਾਣਕਾਰੀ ਦਿੱਤੀ ਤੇ ਇਸ ਦੇ ਨਾਲ-ਨਾਲ ਕੇਂਦਰ ਵਲੋਂ ਸੂਬੇ ਦੀ ਕੀਤੀ ਜਾ ਰਹੀ ਆਰਥਿਕ ਮਦਦ ਦਾ ਵੀ ਖੁਲਾਸਾ ਕੀਤਾ।
ਇਸ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਸੂਬੇ ਦੀ ਜੀ.ਡੀ.ਪੀ. ਨੂੰ ਇਕ ਹਫਤੇ ਦੇ ਅੰਦਰ 7 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਪਿਛਲੇ ਤਿੰਨ ਹਫਤਿਆਂ ਤੋਂ ਕੋਈ ਵੀ ਆਰਥਿਕ ਸਰਗਰਮੀ ਨਾ ਹੋਣ ਕਾਰਣ ਸੂਬਾ ਹਰ ਰੋਜ਼ 150 ਕਰੋੜ ਰੁਪਏ ਦਾ ਟੈਕਸ ਘਾਟਾ ਝੱਲ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਆਫਤ ਨਾਲ ਨਜਿੱਠਣ ਲਈ ਆਉਣ ਵਾਲੇ ਸਮੇਂ ਵਿਚ ਸਰਕਾਰੀ ਖਰਚਿਆਂ ਵਿਚ ਕਟੌਤੀ ਕਰਨ ਬਾਰੇ ਸੋਚ ਰਹੇ ਹਾਂ। ਇਸ ਤਹਿਤ 42 ਸਰਕਾਰੀ ਵਿਭਾਗਾਂ ਵਿਚੋਂ 16 ਨੇ ਸਰਕਾਰੀ ਖਰਚਿਆਂ ਵਿਚ 1,600 ਕਰੋੜ ਰੁਪਏ ਦੀ ਕਟੌਤੀ ਕਰਨ ਦੀ ਸੁਝਾਅ ਦਿੱਤਾ ਹੈ। ਬੁੱਧਵਾਰ ਨੂੰ ਇਸ ਸਬੰਧੀ ਸਬ-ਕਮੇਟੀ ਦੀ ਇਕ ਹੋਰ ਮੀਟਿੰਗ ਹੋਵੇਗੀ ਤੇ ਸਮੁੱਚੇ ਮਾਮਲੇ ਨੂੰ ਮੁੜ ਵਿਚਾਰਿਆ ਜਾਵੇਗਾ।
ਇਸ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਹਾਲਾਤ ਇਸ ਲਈ ਆਸਪੂਰਨ ਹਨ ਕਿ ਇਥੇ ਕਣਕ ਦੀ ਫਸਲ ਆਉਣ ਵਾਲੀ ਹੈ। ਇਸ ਨਾਲ ਸੂਬੇ ਕੋਲ 24,000 ਕਰੋੜ ਰੁਪਏ ਆਉਣਗੇ, ਜਿਸ ਦਾ ਸਿੱਧਾ-ਸਿੱਧਾ ਲਾਭ ਕਿਸਾਨਾਂ ਨੂੰ ਹੋਵੇਗਾ। ਜਦੋਂ ਕਿਸਾਨਾਂ ਕੋਲ ਪੈਸਾ ਆਵੇਗਾ ਤਾਂ ਸੂਬੇ ਦੀਆਂ ਆਰਥਿਕ ਗਤੀਵਿਧੀਆਂ ਆਪਣੇ ਆਪ ਲੀਹਾਂ 'ਤੇ ਆ ਜਾਣਗੀਆਂ। ਇਸੇ ਤਰ੍ਹਾਂ ਪੰਜਾਬ ਨੂੰ ਆਉਣ ਵਾਲੀ ਝੋਨੇ ਦੀ ਫਸਲ ਤੋਂ ਵੀ ਵੱਡਾ ਫਾਇਦਾ ਮਿਲੇਗਾ, ਜੋ ਕਿ ਸ਼ਾਇਦ ਹੋਰਾਂ ਸੂਬਿਆਂ ਨਾ ਮਿਲੇ। ਇਕ ਸਵਾਲ ਦੇ ਜਵਾਬ ਵਿਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਆਫਤ ਦੀ ਘੜੀ ਸਾਨੂੰ ਕੇਂਦਰ ਸਰਕਾਰ ਕੋਲੋਂ ਬੱਸ ਇਹੀ ਆਸ ਹੈ ਕਿ ਉਹ ਸੂਬੇ ਦਾ ਬਕਾਇਆ ਜੀ.ਐਸ.ਟੀ. ਜਲਦੀ ਰਿਲੀਜ਼ ਕਰ ਦੇਵੇ।
ਪੀ.ਐਮ. ਮੋਦੀ ਦੇ 'ਜਾਨ' ਤੇ 'ਜਹਾਨ' ਵਾਲੇ ਬਿਆਨ 'ਤੇ ਬੋਲੇ ਮਨਪ੍ਰੀਤ
ਪ੍ਰਧਾਨ ਮੰਤਰੀ ਮੋਦੀ ਦੇ 'ਜਾਨ' ਤੇ 'ਜਹਾਨ' ਵਾਲੇ ਬਿਆਨ ਬਾਰੇ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਕੱਲੇ ਨਾਅਰਿਆਂ ਨਾਲ ਕੁਝ ਨਹੀਂ ਹੋਣ ਵਾਲਾ। ਸਾਨੂੰ ਇਸ ਆਫਤ ਦੀ ਘੜੀ ਨਾਲ ਨਜਿੱਠਣ ਲਈ ਬਿਹਤਰ ਰਣਨੀਤੀ ਦੀ ਲੋੜ ਹੈ। ਇਸ ਲਈ ਬਹੁਤ ਸਾਰੇ ਮਾਹਰ ਡਾਕਟਰਾਂ, ਦਵਾਈਆਂ ਅਤੇ ਹੋਰ ਸਿਹਤ ਸਬੰਧੀ ਉਪਕਰਨਾਂ ਦੀ ਵਧੇਰੇ ਲੋੜ ਹੈ। ਇਸ ਦੇ ਨਾਲ-ਨਾਲ ਆਰਥਿਕ ਸੰਕਟ ਵਿਚੋਂ ਕੱਢਣ ਵਾਲੇ ਚੰਗੇ ਆਰਥਿਕ ਮਾਹਰਾਂ ਦੀ ਵੀ ਵੱਡੀ ਲੋੜ ਹੈ। ਉਹੀ ਸਾਨੂੰ ਬਿਹਤਰ ਰਣਨੀਤੀ ਸਦਕਾ ਇਸ ਸੰਕਟ ਦੀ ਘੜੀ ਵਿਚੋਂ ਕੱਢ ਸਕਣਗੇ।