ਨਹੀਂ ਰਹੇ ਸਾਬਕਾ ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ, 88 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

Sunday, Oct 15, 2023 - 09:20 PM (IST)

ਨਹੀਂ ਰਹੇ ਸਾਬਕਾ ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ, 88 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

ਨੈਸ਼ਨਲ ਡੈਸਕ : ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੋਹਰ ਸਿੰਘ ਗਿੱਲ ਦਾ ਐਤਵਾਰ ਨੂੰ ਦਿੱਲੀ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ 88 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਮਨੋਹਰ ਸਿੰਘ ਗਿੱਲ 2004-16 ਤੱਕ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਮਨਮੋਹਨ ਸਰਕਾਰ ਦੌਰਾਨ ਖੇਡ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਜਨਮ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਲਾਦੀਨਪੁਰ 'ਚ ਹੋਇਆ ਸੀ।

ਇਹ ਵੀ ਪੜ੍ਹੋ : ਬੰਬ ਦੀ ਧਮਕੀ ਤੋਂ ਬਾਅਦ ਫਰਾਂਸ 'ਚ ਅਲਰਟ, ਲੌਵਰ ਮਿਊਜ਼ੀਅਮ ਤੇ ਵਰਸੇਲਜ਼ ਪੈਲੇਸ ਨੂੰ ਕਰਵਾਇਆ ਖਾਲੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਕਰੀਬੀ ਸਾਬਕਾ ਚੇਅਰਮੈਨ ਸੁਬੇਗ ਸਿੰਘ ਧੁੰਨ ਨੇ ਦੱਸਿਆ ਕਿ ਇਹ ਪਿੰਡ ਅਲਾਦੀਨਪੁਰ ਅਤੇ ਤਰਨਤਾਰਨ ਜ਼ਿਲ੍ਹੇ ਲਈ ਬਹੁਤ ਹੀ ਮੰਦਭਾਗੀ ਖ਼ਬਰ ਹੈ ਕਿਉਂਕਿ ਉਨ੍ਹਾਂ ਨੇ ਖੇਡ ਮੰਤਰੀ ਹੁੰਦਿਆਂ ਤਰਨਤਾਰਨ ਜ਼ਿਲ੍ਹੇ ਲਈ ਬਹੁਤ ਉਪਰਾਲੇ ਕੀਤੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਦਿੱਲੀ ਵਿੱਚ ਕੀਤਾ ਜਾਵੇਗਾ।

ਪ੍ਰਕਾਸ਼ ਸਿੰਘ ਬਾਦਲ ਦੇ ਅਧੀਨ ਮਨੋਹਰ ਸਿੰਘ ਗਿੱਲ ਇਕ ਨੌਜਵਾਨ ਅਧਿਕਾਰੀ ਵਜੋਂ ਸੇਵਾ ਨਿਭਾ ਚੁੱਕੇ ਸਨ। ਉਨ੍ਹਾਂ ਦਸੰਬਰ 1996 ਤੋਂ ਜੂਨ 2001 ਦਰਮਿਆਨ ਮੁੱਖ ਚੋਣ ਕਮਿਸ਼ਨਰ (ਸੀਈਸੀ) ਵਜੋਂ ਵੀ ਕੰਮ ਕੀਤਾ। ਜਦੋਂ ਟੀਐੱਨ ਸ਼ੇਸ਼ਾਨ ਚੋਣ ਕਮਿਸ਼ਨ ਦੇ ਮੁਖੀ ਸਨ ਤਾਂ ਗਿੱਲ ਅਤੇ ਜੀਵੀਜੀ ਕ੍ਰਿਸ਼ਨਾਮੂਰਤੀ ਨੂੰ ਚੋਣ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਸੀ। ਇਕ ਸਾਬਕਾ ਸਰਕਾਰੀ ਅਧਿਕਾਰੀ ਦੱਸਣ ਮੁਤਾਬਕ ਉਹ ਰਾਜਨੀਤੀ ਵਿੱਚ ਆਉਣ ਵਾਲੇ ਸ਼ਾਇਦ ਪਹਿਲੇ ਸਾਬਕਾ ਸੀਈਸੀ ਹਨ। ਗਿੱਲ ਕਾਂਗਰਸ ਮੈਂਬਰ ਵਜੋਂ ਰਾਜ ਸਭਾ ਪਹੁੰਚੇ ਅਤੇ 2008 ਵਿੱਚ ਕੇਂਦਰੀ ਖੇਡ ਮੰਤਰੀ ਬਣੇ। ਗਿੱਲ ਆਪਣੇ ਪਿੱਛੇ ਪਤਨੀ ਅਤੇ 3 ਧੀਆਂ ਛੱਡ ਗਏ ਹਨ।

PunjabKesari

ਇਹ ਵੀ ਪੜ੍ਹੋ : ਇਜ਼ਰਾਈਲ ਨੂੰ ਮਿਲੀ ਵੱਡੀ ਕਾਮਯਾਬੀ, ਹਮਾਸ ਦਾ ਇਹ ਚੋਟੀ ਦਾ ਕਮਾਂਡਰ ਗਿਆ ਮਾਰਿਆ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਨੋਹਰ ਸਿੰਘ ਗਿੱਲ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਦੇਸ਼ ਦੇ ਵਿਕਾਸ 'ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਖੜਗੇ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਉਹ ਸਾਬਕਾ ਕੇਂਦਰੀ ਮੰਤਰੀ ਪਦਮ ਵਿਭੂਸ਼ਣ ਮਨੋਹਰ ਸਿੰਘ ਗਿੱਲ ਦੇ ਦਿਹਾਂਤ 'ਤੇ ਬਹੁਤ ਦੁਖੀ ਹਨ। ਯੂਪੀਏ ਸਰਕਾਰ ਵਿੱਚ ਇਕ ਵੱਡਮੁੱਲੇ ਸਹਿਯੋਗੀ ਦੇ ਰੂਪ ਵਿੱਚ ਅਤੇ ਪਹਿਲਾਂ ਇਕ ਸਿਵਲ ਸੇਵਕ ਦੇ ਰੂਪ ਵਿੱਚ, ਖੇਡਾਂ, ਚੋਣ ਪ੍ਰਕਿਰਿਆਵਾਂ ਅਤੇ ਖੇਤੀਬਾੜੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਰਾਸ਼ਟਰ ਦੇ ਵਿਕਾਸ 'ਚ ਉਨ੍ਹਾਂ ਦੇ ਯੋਗਦਾਨ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News