ਜਲੰਧਰ ਤੋਂ ਆਏ ਸਕੂਟਰੀ ਸਵਾਰ ਨੇ ਬਿਆਸ ਨਦੀ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

01/12/2020 1:23:45 PM

ਕਪੂਰਥਲਾ/ਜਲੰਧਰ (ਭੂਸ਼ਣ)— ਮੂੰਡੀ ਮੋੜ ਦੇ ਕੋਲ ਸਥਿਤ ਬਿਆਸ ਨਦੀ ਦੇ ਪੁਲ 'ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਜਲੰਧਰ ਤੋਂ ਸਕੂਟਰੀ 'ਤੇ ਆਏ ਇਕ ਵਿਅਕਤੀ ਨੇ ਬਿਆਸ ਨਦੀ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਕਤ ਵਿਅਕਤੀ ਨੂੰ ਬਿਆਸ ਨਦੀ 'ਚ ਛਾਲ ਮਾਰਦੇ ਵੇਖ ਨਜ਼ਦੀਕ ਤੋਂ ਨਿਕਲ ਰਹੇ ਕੁਝ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਪੂਰਾ ਦਿਨ ਨੌਜਵਾਨ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਲਾਸ਼ ਬਰਾਮਦ ਨਹੀ ਹੋ ਸਕੀ ।

ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਪੂਰਥਲਾ ਤਰਨਤਾਰਨ ਬਾਰਡਰ ਦੇ ਨਜ਼ਦੀਕ ਨਿਕਲ ਰਹੇ ਕੁਝ ਲੋਕ ਉਸ ਸਮੇਂ ਹੈਰਾਨ ਰਹਿ ਗਏ। ਜਦੋਂ ਉਨ੍ਹਾਂ ਨੇ ਇਕ ਵਿਅਕਤੀ ਨੂੰ ਸਕੂਟਰੀ ਖੜ੍ਹੀ ਕਰਕੇ ਬਿਆਸ ਨਦੀ ਦੇ ਪੁਲ ਤੋਂ ਛਾਲ ਮਾਰਦੇ ਹੋਏ ਵੇਖਿਆ। ਲੋਕਾਂ ਵੱਲੋਂ ਦਿੱਤੀ ਗਈ ਸੂਚਨਾ 'ਤੇ ਥਾਣਾ ਤਲਵੰਡੀ ਚੌਧਰੀਆਂ ਦੇ ਨਵ-ਨਿਯੁਕਤ ਐੱਸ. ਐੱਚ. ਓ. ਜਸਬੀਰ ਸਿੰਘ ਜਦੋਂ ਮ੍ਰਿਤਕ ਵਿਅਕਤੀ ਦੀ ਸਕੂਟਰੀ ਦੀ ਤਲਾਸ਼ੀ ਲਈ ਤਾਂ ਉਸ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਬਸਤੀ ਸ਼ੇਖ ਜਲੰਧਰ ਦੇ ਤੌਰ 'ਤੇ ਹੋਈ। ਇਸ ਦੌਰਾਨ ਪੁਲਸ ਨੇ ਮ੍ਰਿਤਕ ਦੀ ਸਕੂਟਰੀ ਤੋਂ ਉਸ ਦਾ ਮੋਬਾਇਲ ਫੋਨ ਵੀ ਬਰਾਮਦ ਕੀਤਾ। ਜਦੋਂ ਪੁਲਸ ਵੱਲੋਂ ਮ੍ਰਿਤਕ ਦੇ ਵਾਰਸਾਂ ਨੂੰ ਮੌਕੇ 'ਤੇ ਬੁਲਾਇਆ ਤਾਂ ਉਨ੍ਹਾਂ ਦਸਿਆ ਕਿ ਮ੍ਰਿਤਕ ਇਕ ਪੈਟਰੋਲ ਪੰਪ 'ਤੇ ਕੰਮ ਕਰਦਾ ਸੀ ਅਤੇ ਸਵੇਰੇ ਹੀ ਸ੍ਰੀ ਗੋਇੰਦਵਾਲ ਸਾਹਿਬ 'ਚ ਮੱਥਾ ਟੇਕਣ ਲਈ ਜਲੰਧਰ ਤੋਂ ਨਿਕਲਿਆ ਸੀ। ਜਿਸ ਦੌਰਾਨ ਮੱਥਾ ਟੇਕਣ ਤੋਂ ਬਾਅਦ ਲਖਵਿੰਦਰ ਸਿੰਘ ਨੇ ਬਿਆਸ ਨਦੀ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਾਈ।

ਇਸ ਮੌਕੇ ਪੁੱਜੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬਲ ਨੇ ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਜਸਬੀਰ ਸਿੰਘ ਨੂੰ ਨਾਲ ਲੈ ਕੇ ਬਿਆਸ ਨਦੀ ਦਾ ਮੁਆਇਨਾ ਕੀਤਾ ਅਤੇ ਵੱਡੀ ਗਿਣਤੀ 'ਚ ਗੋਤਾਖੋਰਾਂ ਨੂੰ ਸੱਦ ਕੇ ਲਖਵਿੰਦਰ ਸਿੰਘ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਦੇਰ ਸ਼ਾਮ ਤਕ ਚੱਲੀ ਗੋਤਾਖੋਰਾਂ ਦੀ ਮੁਹਿੰਮ ਤੋਂ ਬਾਵਜੂਦ ਵੀ ਬਿਆਸ ਨਦੀ ਪਾਣੀ ਦਾ ਵਹਾਅ ਤੇਜ਼ ਹੋਣ ਕਾਰਣ ਮ੍ਰਿਤਕ ਦੀ ਲਾਸ਼ ਬਰਾਮਦ ਨਹੀਂ ਹੋ ਸਕੀ, ਜਿਸ ਤੋਂ ਬਾਅਦ ਹਨੇਰਾ ਹੋਣ ਕਾਰਨ ਪੁਲਸ ਦੀ ਮੁਹਿੰਮ ਨੂੰ ਰੋਕ ਦਿੱਤਾ ਗਿਆ। ਮਾਮਲੇ ਦੀ ਜਾਂਚ 'ਚ ਜੁਟੀ ਪੁਲਸ ਟੀਮ ਨੂੰ ਸ਼ੱਕ ਹੈ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਲਾਸ਼ ਕਾਫੀ ਅੱਗੇ ਨਿਕਲ ਗਈ ਹੋਵੇਗੀ। ਜਿਸ ਨੂੰ ਲੈ ਕੇ ਹਰੀਕੇ ਪੱਤਣ ਤਕ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਉਥੇ ਹੀ ਦੂਜੇ ਪਾਸੇ ਇਸ ਸਬੰਧ 'ਚ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਜਾਰੀ ਹੈ, ਜਲਦੀ ਹੀ ਮ੍ਰਿਤਕ ਦੀ ਲਾਸ਼ ਨੂੰ ਲੱਭ ਲਿਆ ਜਾਵੇਗਾ।


shivani attri

Content Editor

Related News