ਪ੍ਰੇਮ ਵਿਆਹ ਕਰਾਉਣ ਵਾਲੇ ਸ਼ਖ਼ਸ ਨੇ ਪਤਨੀ ਨਾਲ ਲੜ ਕੇ ਜੋ ਕਾਰਾ ਕੀਤਾ, ਜਾਣ ਤੁਹਾਡੇ ਵੀ ਖੜ੍ਹੇ ਹੋ ਜਾਣਗੇ ਰੌਂਗਟੇ

Wednesday, Sep 14, 2022 - 10:42 AM (IST)

ਪ੍ਰੇਮ ਵਿਆਹ ਕਰਾਉਣ ਵਾਲੇ ਸ਼ਖ਼ਸ ਨੇ ਪਤਨੀ ਨਾਲ ਲੜ ਕੇ ਜੋ ਕਾਰਾ ਕੀਤਾ, ਜਾਣ ਤੁਹਾਡੇ ਵੀ ਖੜ੍ਹੇ ਹੋ ਜਾਣਗੇ ਰੌਂਗਟੇ

ਸਾਹਨੇਵਾਲ (ਜ.ਬ.) : ਥਾਣਾ ਕੂੰਮਕਲਾਂ ’ਚ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਕਲਯੁਗੀ ਪਿਓ ਨੇ ਆਪਣੇ ਹੀ ਢਾਈ ਸਾਲ ਦੇ ਮਾਸੂਮ ਪੁੱਤਰ ਨੂੰ ਨਹਿਰ ’ਚ ਸੁੱਟ ਦਿੱਤਾ। ਥਾਣਾ ਕੂੰਮਕਲਾਂ ਪੁਲਸ ਨੇ ਪਹਿਲਾਂ ਇਸ ਮਾਮਲੇ ’ਚ ਪਿਓ-ਪੁੱਤ ਦੇ ਇਕੱਠੇ ਲਾਪਤਾ ਹੋਣ ਸਬੰਧੀ ਪਤਨੀ ਦੇ ਬਿਆਨਾਂ ’ਤੇ ਅਗਵਾ ਦਾ ਮਾਮਲਾ ਦਰਜ ਕੀਤਾ ਸੀ। ਫਿਰ ਬਾਅਦ ’ਚ ਸ਼ਿਕਾਇਤਕਰਤਾ ਪਤਨੀ ਨੇ ਪੁਲਸ ਨੂੰ ਬਿਆਨ ਦਿੱਤੇ ਕਿ ਉਸ ਦੇ ਪਤੀ ਵੱਲੋਂ ਹੀ ਉਸ ਦੇ ਮਾਸੂਮ ਬੱਚੇ ਨੂੰ ਅਗਵਾ ਕਰ ਕੇ ਨੁਕਸਾਨ ਪਹੁੰਚਾਉਣ ਦਾ ਸ਼ੱਕ ਹੋ ਰਿਹਾ ਹੈ। ਇਸ ਤੋਂ ਬਾਅਦ ਥਾਣਾ ਪੁਲਸ ਨੇ ਬੀਤੀ 11 ਸਤੰਬਰ ਨੂੰ ਹਰਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਮਨਸੂਰਵਾਲ ਬੇਟ, ਥਾਣਾ ਢਿੱਲਵਾਂ, ਕਪੂਰਥਲਾ ਹਾਲ ਵਾਸੀ ਸ੍ਰੀ ਭੈਣੀ ਸਾਹਿਬ ਦੇ ਬਿਆਨਾਂ ’ਤੇ ਭੁਪਿੰਦਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : 'ਲੰਪੀ ਸਕਿਨ' ਰੋਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਖ਼ਾਸ ਅਪੀਲ ਕਰੇਗਾ ਪੰਜਾਬ

PunjabKesari

ਪੁਲਸ ਨੇ ਜਦੋਂ ਭੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਵੱਲੋਂ ਕੀਤੇ ਗਏ ਖ਼ੁਲਾਸਿਆਂ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ। ਥਾਣਾ ਮੁਖੀ ਕੁਲਬੀਰ ਸਿੰਘ ਨੇ ਦੱਸਿਆ ਕਿ ਬੀਤੀ 1 ਸਤੰਬਰ ਦੀ ਸ਼ਾਮ ਭੁਪਿੰਦਰ ਸਿੰਘ ਆਪਣੇ ਢਾਈ ਸਾਲਾ ਪੁੱਤ ਗੁਰਕੀਰਤ ਸਿੰਘ ਗੈਰੀ ਨਾਲ ਘਰ ਇਹ ਕਹਿ ਕੇ ਗਿਆ ਸੀ ਕਿ ਉਹ ਬੱਚੇ ਨੂੰ ਘੁੰਮਾ ਕੇ ਲਿਆਉਂਦਾ ਹੈ ਪਰ ਫਿਰ ਦੋਵੇਂ ਘਰ ਨਹੀਂ ਪਰਤੇ। ਭੁਪਿੰਦਰ ਦੀ ਪਤਨੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ ਦੋਵਾਂ ਦੇ ਅਗਵਾ ਦਾ ਕੇਸ ਦਰਜ ਕਰ ਕੇ ਜਾਂਚ ਨੂੰ ਅੱਗੇ ਵਧਾਇਆ। ਫਿਰ ਹਰਜੀਤ ਕੌਰ ਨੇ ਆਪਣੇ ਹੀ ਪਤੀ ’ਤੇ ਸ਼ੱਕ ਜ਼ਾਹਰ ਕੀਤਾ ਤਾਂ ਪੁਲਸ ਨੇ ਇਸ ਐਂਗਲ ਤੋਂ ਵੀ ਕਾਰਵਾਈ ਨੂੰ ਅੱਗੇ ਵਧਾਇਆ ਤਾਂ ਭੁਪਿੰਦਰ ਸਿੰਘ ਕਟਾਣੀ ਕਲਾਂ ਚੌਂਕ ’ਚ ਪੁਲਸ ਦੇ ਅੜਿੱਕੇ ਆ ਗਿਆ। ਜਦੋਂ ਪੁਲਸ ਨੇ ਉਸ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਰੌਂਗਟੇ ਖੜ੍ਹੇ ਕਰਨ ਵਾਲਾ ਖ਼ੁਲਾਸਾ ਕੀਤਾ।

ਇਹ ਵੀ ਪੜ੍ਹੋ : ਔਰਤ ਨੇ ਭਰੇ ਬਜ਼ਾਰ 'ਚ ਵਾਲਾਂ ਤੋਂ ਧੂਹੀ ਚੰਡੀਗੜ੍ਹ ਪੁਲਸ ਦੀ ਮਹਿਲਾ ਮੁਲਾਜ਼ਮ, ਦੇਖੋ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ

ਥਾਣਾ ਮੁਖੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਨੇ ਪੁਲਸ ਅੱਗੇ ਮੰਨਿਆ ਕਿ ਉਸ ਦਾ ਹਰਜੀਤ ਕੌਰ ਨਾਲ ਪ੍ਰੇਮ ਵਿਆਹ ਕਰੀਬ 5 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਹ ਹਰਜੀਤ ਦੀ ਭੂਆ ਕੋਲ ਸ੍ਰੀ ਭੈਣੀ ਸਾਹਿਬ ਆ ਕੇ ਰਹਿਣ ਲੱਗੇ। ਹਰਜੀਤ ਪੜ੍ਹੀ-ਲਿਖੀ ਸੀ ਅਤੇ ਆਪਣਾ ਬੂਟੀਕ ਚਲਾਉਂਦੀ ਸੀ, ਜਦਕਿ ਉਹ ਖ਼ੁਦ ਸਿਰਫ 8 ਜਮਾਤਾਂ ਪਾਸ ਸੀ ਅਤੇ ਕੋਈ ਕੰਮ-ਕਾਰ ਨਹੀਂ ਸੀ ਕਰਦਾ, ਜਿਸ ਕਾਰਨ ਦੋਵੇਂ ਪਤੀ-ਪਤਨੀ ਵਿਚਕਾਰ ਅਕਸਰ ਹੀ ਲੜਾਈ-ਝਗੜਾ ਰਹਿੰਦਾ ਸੀ। ਹਰਜੀਤ ਦੇ ਰਿਸ਼ਤੇਦਾਰ ਵੀ ਉਸ ਨੂੰ ਗਾਹੇ-ਬਗਾਹੇ ਜ਼ਲੀਲ ਕਰਦੇ ਸਨ, ਜਿਸ ਤੋਂ ਚਿੜ ਕੇ 1 ਸਤੰਬਰ ਦੀ ਸ਼ਾਮ ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਨਹਿਰ ’ਚ ਛਾਲ ਮਾਰਨ ਲਈ ਗਿਆ ਸੀ ਪਰ ਕਈ ਘੰਟੇ ਸ਼ਰਾਬ ਪੀਣ ਤੋਂ ਬਾਅਦ ਜਦੋਂ ਉਹ ਆਪਣੇ ਪੁੱਤ ਗੁਰਕੀਰਤ ਗੈਰੀ ਨੂੰ ਨਾਲ ਲੈ ਕੇ ਗੁਰਥਲੀ ਦੇ ਪੁਲ ’ਤੇ ਪਹੁੰਚਿਆ ਤਾਂ ਉਸ ਨੇ ਆਪਣੇ ਬੇਟੇ ਨੂੰ ਤਾਂ ਨਹਿਰ ’ਚ ਸੁੱਟ ਦਿੱਤਾ ਪਰ ਫਿਰ ਉਸ ਦਾ ਆਪਣਾ ਹੌਂਸਲਾ ਨਹਿਰ ’ਚ ਛਾਲ ਮਾਰਨ ਦਾ ਨਹੀਂ ਪਿਆ ਅਤੇ ਉੱਥੋਂ ਵਾਪਸ ਆ ਕੇ ਲੁੱਕ-ਛਿਪ ਕੇ ਰਹਿਣ ਲੱਗਾ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਪਿਤਾ ਭੁਪਿੰਦਰ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News