ਸੜਕ ਪਾਰ ਕਰ ਰਹੇ ਵਿਅਕਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਮੌਤ
Sunday, Dec 05, 2021 - 02:08 PM (IST)
ਚੰਡੀਗੜ੍ਹ (ਸੁਸ਼ੀਲ) : ਸੜਕ ਪਾਰ ਕਰ ਰਹੇ ਰਾਹਗੀਰ ਨੂੰ ਤੇਜ਼ ਰਫ਼ਤਾਰ ਕਾਰ ਚਾਲਕ ਨੇ ਫੰਨ ਰਿਪਬਲਿਕ ਲਾਈਟ ਪੁਆਇੰਟ ਕੋਲ ਟੱਕਰ ਮਾਰ ਦਿੱਤੀ। ਗਸ਼ਤ ਕਰ ਰਹੇ ਕਾਂਸਟੇਬਲ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਨੇ ਜ਼ਖ਼ਮੀ ਵਿਅਕਤੀ ਨੂੰ ਮਨੀਮਾਜਰਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਮ੍ਰਿਤਕ ਦੀ ਪਛਾਣ ਨਹੀਂ ਕਰਵਾ ਸਕੀ। ਮਨੀਮਾਜਰਾ ਥਾਣਾ ਪੁਲਸ ਨੇ ਕਾਂਸਟੇਬਲ ਪ੍ਰਦੀਪ ਦੀ ਸ਼ਿਕਾਇਤ ’ਤੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਫਰਾਰ ਕਾਰ ਚਾਲਕ ਦੀ ਭਾਲ ਲਈ ਫੰਨ ਰਿਪਬਲਿਕ ਲਾਈਟ ਪੁਆਇੰਟ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ।
ਸ਼ਿਕਾਇਤਕਰਤਾ ਕਾਂਸਟੇਬਲ ਪ੍ਰਦੀਪ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਗਸ਼ਤ ਕਰ ਰਿਹਾ ਸੀ ਕਿ ਰਾਤ 11 ਵਜੇ ਜਦੋਂ ਫੰਨ ਰਿਪਬਲਿਕ ਲਾਈਟ ਪੁਆਇੰਟ ਕੋਲ ਪਹੁੰਚਿਆ ਤਾਂ ਇਕ ਚਿੱਟੇ ਰੰਗ ਦੀ ਕਾਰ ਆਈ ਅਤੇ ਉਸ ਨੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਦਿਆਂ ਹੀ ਵਿਅਕਤੀ ਸੜਕ ’ਤੇ ਡਿੱਗ ਕੇ ਲਹੂ-ਲੁਹਾਨ ਹੋ ਗਿਆ ਅਤੇ ਕਾਰ ਚਾਲਕ ਮੌਕੇ ਤੋਂ ਕਾਰ ਸਮੇਤ ਫ਼ਰਾਰ ਹੋ ਗਿਆ।