2 ਬੱਚਿਆਂ ਦੇ ਪਿਓ ਲਈ ਨਸੂਰ ਬਣਿਆ ਪ੍ਰੇਮਿਕਾ ਦਾ ਇਸ਼ਕ, ਪਤਨੀ ਨੇ ਬਥੇਰੇ ਦਿਲਾਸੇ ਦਿੱਤੇ ਪਰ ਹੋਣੀ ਨਾ ਟਲੀ
Wednesday, Nov 18, 2020 - 11:40 AM (IST)

ਖੰਨਾ : ਪੁਲਸ ਜ਼ਿਲ੍ਹਾ ਖੰਨਾ ਦੇ ਅਧੀਨ ਪੈਂਦੇ ਪਿੰਡ ਬਰਮਾ ਵਾਸੀ 2 ਬੱਚਿਆਂ ਦੇ ਪਿਓ ਲਈ ਪ੍ਰੇਮਿਕਾ ਦਾ ਇਸ਼ਕ ਨਸੂਰ ਬਣ ਗਿਆ। ਹਾਲਾਂਕਿ ਉਸ ਦੀ ਪਤਨੀ ਨੇ ਉਸ ਨੂੰ ਬਥੇਰੇ ਦਿਲਾਸੇ ਦਿੱਤੇ ਪਰ ਹੋਣੀ ਨਹੀਂ ਟਲੀ ਅਤੇ ਉਸ ਨੇ ਬੇਇਜ਼ਤੀ ਦੇ ਡਰੋਂ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈਂਦੇ ਹੋਏ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਮ੍ਰਿਤਕ ਦੀ ਪ੍ਰੇਮਿਕਾ ਅਤੇ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਆਟੋ ਚਾਲਕ ਨੇ ਜੰਗਲੀ ਇਲਾਕੇ 'ਚ ਜਨਾਨੀ ਨਾਲ ਕੀਤੀ ਵੱਡੀ ਵਾਰਦਾਤ, ਜਾਨ ਬਚਾਉਣ ਲਈ ਮਾਰੀ ਛਾਲ
ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਮ੍ਰਿਤਕ ਕੁਲਦੀਪ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਬਰਮਾ ਦੀ ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਉਹ ਸਮਰਾਲਾ ਦੇ ਸਿਵਲ ਹਸਪਤਾਲ 'ਚ ਸਟਾਫ਼ ਨਰਸ ਦੀ ਨੌਕਰੀ ਕਰਦੀ ਹੈ। ਉਸ ਦਾ ਵਿਆਹ 1 ਮਾਰਚ, 2015 ਨੂੰ ਕੁਲਦੀਪ ਸਿੰਘ ਨਾਲ ਹੋਇਆ ਸੀ, ਜਿਨ੍ਹਾਂ ਦੇ 2 ਬੱਚੇ ਪੁੱਤਰ ਰਣਵਿਜੇ (5) ਅਤੇ ਧੀ ਮਹਿਕਪ੍ਰੀਤ ਕੌਰ (4) ਹਨ। ਕਰੀਬ 3 ਸਾਲ ਪਹਿਲਾਂ ਉਸ ਦੇ ਪਤੀ ਕੁਲਦੀਪ ਸਿੰਘ ਦੇ ਮੁਹੱਲੇ ਦੀ ਹੀ ਕੁੜੀ ਜਤਿੰਦਰ ਕੌਰ ਉਰਫ਼ ਪ੍ਰੀਤੀ ਪੁੱਤਰੀ ਪਵਿੱਤਰ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ ਸਨ। ਰਮਨਦੀਪ ਕੌਰ ਨੂੰ ਪਤਾ ਲੱਗਣ 'ਤੇ ਉਸ ਨੇ ਆਪਣੇ ਪਤੀ ਕੁਲਦੀਪ ਨੂੰ ਸਮਝਾਇਆ ਕਿ ਇਹ ਉਸ ਲਈ ਚੰਗੀ ਗੱਲ ਨਹੀਂ ਹੈ।
ਇਹ ਵੀ ਪੜ੍ਹੋ : ਯੂਥ ਕਾਂਗਰਸੀ ਆਗੂ ਦੇ ਰੈਸਟੋਰੈਂਟ 'ਚ ਅਚਾਨਕ ਚੱਲੀ ਗੋਲੀ, ਨੌਜਵਾਨ ਦੇ ਢਿੱਡ 'ਚ ਲੱਗੀ
ਇਸ ਦੇ ਨਾਲ ਹੀ ਕੁੜੀ ਜਤਿੰਦਰ ਕੌਰ ਅਤੇ ਉਸ ਦੇ ਪਿਤਾ ਨਾਲ ਵੀ ਇਸ ਬਾਰੇ ਗੱਲ ਕੀਤੀ ਗਈ। ਪਤਨੀ ਦੇ ਸਮਝਾਉਣ 'ਤੇ ਕੁਲਦੀਪ ਨੇ ਆਪਣੀ ਪ੍ਰੇਮਿਕਾ ਜਤਿੰਦਰ ਕੌਰ ਨਾਲ ਸਬੰਧ ਤੋੜ ਲਏ ਪਰ ਜਤਿੰਦਰ ਕੌਰ ਅਤੇ ਉਸ ਦਾ ਪਿਤਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਅਤੇ ਜਤਿੰਦਰ ਕੌਰ ਦਾ ਵਿਆਹ ਉਸ ਦੇ ਪਤੀ ਨਾਲ ਕਰਵਾਉਣ ਦੀ ਜ਼ਿੱਦ 'ਤੇ ਅੜ ਗਏ, ਜਿਸ ਤੋਂ ਬਾਅਦ ਉਸ ਦਾ ਪਤੀ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗਾ। ਸ਼ਿਕਾਇਤ ਕਰਤਾ ਰਮਨਦੀਪ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਉਸ ਨਾਲ ਗੱਲ ਕਰਦਾ ਸੀ ਕਿ ਜਤਿੰਦਰ ਕੌਰ ਅਤੇ ਉਸ ਦੇ ਪਿਤਾ ਪਵਿੱਤਰ ਸਿੰਘ ਨੇ ਉਸ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ ਪਰ ਉਹ ਆਪਣੇ ਪਰਿਵਾਰ ਦੀ ਬੇਇਜ਼ਤੀ ਹੋਣ ਦੇ ਡਰੋਂ ਕਿਸੇ ਨਾਲ ਕੋਈ ਗੱਲ ਨਹੀਂ ਕਰ ਸਕਦਾ, ਇਸ ਲਈ ਉਹ ਆਪਣੀ ਜ਼ਿੰਦਗੀ ਖ਼ਤਮ ਕਰ ਲਵੇਗਾ, ਜਿਸ 'ਤੇ ਉਸ ਨੇ ਆਪਣੇ ਪਤੀ ਨੂੰ ਦਿਲਾਸਾ ਦਿੱਤਾ ਕਿ ਉਹ ਆਪਣੀ ਰਿਸ਼ਤੇਦਾਰੀ 'ਚ ਗੱਲ ਕਰਕੇ ਉਕਤ ਕੁੜੀ ਨੂੰ ਸਮਝਾਉਣਗੇ।
ਇਹ ਵੀ ਪੜ੍ਹੋ : ਸ਼ਰਾਬ ਪਿਲਾਉਣ ਮਗਰੋਂ ਪਲੰਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪਥ ਮਿਲੀ ਲਾਸ਼
9 ਨਵੰਬਰ ਨੂੰ ਜਦੋਂ ਰਮਨਦੀਪ ਆਪਣੀ ਡਿਊਟੀ 'ਤੇ ਸੀ ਤਾਂ ਉਸ ਦੇ ਪਤੀ ਦਾ ਦੋਸਤ ਹਸਪਤਾਲ ਆਇਆ ਅਤੇ ਦੱਸਿਆ ਕਿ ਕੁਲਦੀਪ ਨੇ ਫਾਹਾ ਲੈ ਲਿਆ ਹੈ। ਜਦੋਂ ਕੁਲਦੀਪ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਫਿਲਹਾਲ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਜਤਿੰਦਰ ਕੌਰ, ਉਸ ਦੇ ਪਿਤਾ ਪਵਿੱਤਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।