ਸੇਲਜ਼ ਟੈਕਸ ਵਿਭਾਗ ’ਚ ਇੰਸਪੈਕਟਰ ਦੱਸ ਕੇ 10,000 ਰੁਪਏ ਮੰਗਣ ਵਾਲਾ ਕਾਬੂ
Friday, Jun 29, 2018 - 07:48 AM (IST)

ਜੈਤੋ (ਜਿੰਦਲ) - ਅੱਜ ਸਵੇਰੇ ਕਰੀਬ 10:00 ਵਜੇ ਸਥਾਨਕ ਬਠਿੰਡਾ ਰੋਡ ’ਤੇ ਸਥਿਤ ਮਿੱਠੂ ਬੈਟਰੀ ਹਾਊਸ ਦੀ ਦੁਕਾਨ ’ਤੇ ਇਕ ਨੌਜਵਾਨ ਗਗਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬਠਿੰਡਾ ਕਹਿ ਰਿਹਾ ਸੀ ਕਿ ਉਹ ਸੇਲਜ਼ ਟੈਕਸ ਵਿਭਾਗ ’ਚ ਇੰਸਪੈਕਟਰ ਹੈ। ਉਹ ਮਿੱਠੂ ਬੈਟਰੀ ਹਾਊਸ ਤੋਂ 10,000 ਰੁਪਏ ਦੀ ਮੰਗ ਕਰਨ ਲੱਗਾ ਤਾਂ ਮਾਲਕ ਨੇ ਸ਼ੱਕ ਹੋਣ ’ਤੇ ਆਸ-ਪਾਸ ਦੇ ਦੁਕਾਨਦਾਰੀ ਅਤੇ ਵਪਾਰ ਮੰਡਲ ਦੇ ਅਹੁਦੇਦਾਰਾਂ ਨੂੰ ਮੌਕੇ ’ਤੇ ਬੁਲਾ ਲਿਆ। ਇਸ ਦੌਰਾਨ ਪਡ਼ਤਾਲ ਕਰਨ ’ਤੇ ਗੱਲ ਸਾਹਮਣੇ ਆਈ ਕਿ ਉਕਤ ਵਿਅਕਤੀ ਸੇਲਜ਼ ਟੈਕਸ ਵਿਭਾਗ ’ਚ ਕਿਸੇ ਕਿਸਮ ਦੀ ਡਿਊਟੀ ਨਹੀਂ ਨਿਭਾਅ ਰਿਹਾ। ਮਿੱਠੂ ਬੈਟਰੀ ਹਾਊਸ ਦੇ ਮਾਲਕ ਨੇ ਦੱਸਿਆ ਕਿ ਇਹ ਵਿਅਕਤੀ 2 ਦਿਨ ਪਹਿਲਾਂ ਵੀ ਡਰਾ-ਧਮਕਾ ਦੇ ਉਨ੍ਹਾਂ ਕੋਲੋਂ 10 ਹਜ਼ਾਰ ਰੁਪਏ ਲੈ ਗਿਆ ਸੀ। ਅੱਜ ਦੁਬਾਰਾ ਫ਼ਿਰ 10 ਹਜ਼ਾਰ ਰੁਪਏ ਦੀ ਮੰਗ ਕੀਤੇ ਜਾਣ ’ਤੇ ਉਸ ਨੂੰ ਸ਼ੱਕ ਪੈਦਾ ਹੋ ਗਿਆ ਕਿ ਇਹ ਵਿਭਾਗ ਵਿਚ ਕਿਸੇ ਵੀ ਥਾਂ ’ਤੇ ਇੰਸਪੈਕਟਰ ਦੀ ਡਿਊਟੀ ਨਹੀਂ ਨਿਭਾਅ ਰਿਹਾ ਅਤੇ ਇਸ ਦੀ ਆਡ਼ ਵਿਚ ਹੀ ਇਹ ਲੋਕਾਂ ਤੋਂ ਉਗਰਾਹੀ ਕਰ ਚੁੱਕਾ ਹੈ।
ਇਸ ਮੌਕੇ ਗਗਨਦੀਪ ਨੇ ਦੱਸਿਆ ਕਿ ਮੈਂ ਕਈ ਲੋਕਾਂ ਤੋਂ ਪੈਸੇ ਲੈ ਚੁੱਕਾ ਹਾਂ ਅਤੇ ਪੈਸੇ ਵਾਪਸ ਕਰਨ ਦਾ ਵਾਅਦਾ ਵੀ ਕੀਤਾ। ਉਹ ਆਪਣੀ ਕਾਰ ਇਹ ਕਹਿ ਕੇ ਛੱਡ ਗਿਆ ਕਿ ਮੈਂ ਤੁਹਾਡੇ ਪੈਸੇ ਵਾਪਸ ਕਰ ਕੇ ਕਾਰ ਲੈ ਜਾਵਾਂਗਾ। ਇਸ ਸਬੰਧੀ ਜਦੋਂ ਸੇਲਜ਼ ਟੈਕਸ ਵਿਭਾਗ ਦੇ ਏ. ਈ. ਟੀ. ਸੀ. ਫ਼ਰੀਦਕੋਟ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਇੰਸਪੈਕਟਰ ਆਪਣੀ ਡਿਊਟੀ ਤੋਂ ਕਰੀਬ ਪਿਛਲੇ 6 ਮਹੀਨਿਆਂ ਤੋਂ ਗੈਰ-ਹਾਜ਼ਰ ਹੈ। 3 ਮਹੀਨੇ ਪਹਿਲਾਂ ਇਸ ਦੀ ਟਰਾਂਸਫ਼ਰ ਕੋਟਕਪੂਰਾ ਵਿਖੇ ਕਰ ਦਿੱਤੀ ਗਈ ਸੀ ਪਰ ਇਹ ਡਿਊਟੀ ’ਤੇ ਹਾਜ਼ਰ ਨਹੀਂ ਹੋਇਆ। ਵਿਭਾਗ ਵੱਲੋਂ ਇਸ ਦੇ ਖਿਲਾਫ਼ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਰਿਪੋਰਟ ਭੇਜੀ ਜਾ ਚੁੱਕੀ ਹੈ। ਇਸ ਸਮੇਂ ਵਪਾਰ ਮੰਡਲ ਜੈਤੋ ਦੇ ਪ੍ਰਧਾਨ ਛੱਜੂ ਰਾਮ ਬਾਂਸਲ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਬਾਂਸਲ, ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜੀਤੂ ਬਾਂਸਲ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ।