ਨਰਿੰਦਰ ਮੋਦੀ ਦੇ ਮੁਕਾਬਲੇ ਪ੍ਰਧਾਨ ਮੰਤਰੀ ਦਾ ਕੋਈ ਦਾਅਵੇਦਾਰ ਨਹੀਂ : ਬਾਦਲ
Sunday, Apr 28, 2019 - 03:08 PM (IST)
ਮਲੋਟ (ਗੋਇਲ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਰਾਣੀਵਾਲਾ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਨਰਿੰਦਰ ਮੋਦੀ ਦਾ ਮੁੜ ਤੋਂ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ, ਕਿਉਂਕਿ ਮੋਦੀ ਦੇ ਮੁਕਾਬਲੇ ਦਾ ਕੋਈ ਉਮੀਦਵਾਰ ਨਹੀਂ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਕੀਤੇ ਗਏ ਬਿਆਨ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਨਹੀਂ ਖਾਧੀ, ਦੇ ਜਵਾਬ 'ਚ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੈਪਟਨ ਨੇ ਕਦੇ ਨਹੀਂ ਕਿਹਾ ਸੀ ਕਿ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਨਹੀਂ ਖਾਧੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਉਨ੍ਹਾਂ ਵਲੋਂ ਕਹੀ ਗੱਲ ਅੱਗੇ ਆ ਰਹੀ ਹੈ ਤਾਂ ਉਹ ਸਾਫ-ਸਾਫ ਮੁੱਕਰ ਰਹੇ ਹਨ। ਝੂਠ ਬੋਲਣਾ ਇਕ ਗੁਨਾਹ ਅਤੇ ਪਾਪ ਹੈ। ਲੰਬੀ ਹਲਕੇ ਦਾ ਹਰ ਪਰਿਵਾਰ ਉਨ੍ਹਾਂ ਨੂੰ ਆਪਣੇ ਪਰਿਵਾਰ ਵਰਗਾ ਲੱਗਦਾ ਹੈ।
ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਪੈਸਿਆਂ ਨਾਲ ਵਰਕਰ ਖਰੀਦਣ ਦੀ ਵਾਇਰਲ ਹੋ ਰਹੀ ਵੀਡੀਓ ਸਬੰਧੀ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਕੋਈ ਹੋਰ ਤਰੀਕਾ ਨਹੀਂ ਹੈ। ਇਲਾਕੇ ਦੇ ਲੋਕ ਈਮਾਨਦਾਰ ਅਤੇ ਸਮਝਦਾਰ ਹਨ, ਇਸ ਲਈ ਉਹ ਕਾਂਗਰਸ ਦੇ ਬਹਿਕਾਵੇ 'ਚ ਨਹੀਂ ਆਉਣਗੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਇੰਟਰਵਿਊ 'ਚ ਦਿੱਤੇ ਗਏ ਬਿਆਨ ਕਿ ਮੋਦੀ ਸਰਕਾਰ ਦੇ ਕਾਰਜਕਾਲ 'ਚ ਬੇਰੋਜ਼ਗਾਰੀ ਨੇ ਪਿਛਲੇ 45 ਸਾਲਾਂ ਦਾ ਰਿਕਾਰਡ ਤੋੜਿਆ ਹੈ ਤੇ ਦੇਸ਼ ਦੇ ਵਿਕਾਸ 'ਚ ਕਮੀ ਆਈ ਹੈ, ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੀ ਆਬਾਦੀ ਕਾਰਨ ਰੋਜ਼ਗਾਰ 'ਚ ਅਸਰ ਤਾਂ ਪੈਂਦਾ ਹੀ ਹੈ। ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਨੇ ਸਕਿੱਲ ਇੰਡੀਆ ਤਹਿਤ ਕਈ ਕੋਰਸ ਸ਼ੁਰੂ ਕੀਤੇ ਸਨ। ਫਿਰੋਜ਼ਪੁਰ ਤੋਂ ਕਾਂਗਰਸ ਦੇ ਐਲਾਨੇ ਗਏ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਵਲੋਂ ਦਿੱਤੇ ਗਏ ਬਿਆਨ ਕਿ ਉਨ੍ਹਾਂ ਦੀ ਕਮਿਊਨਿਟੀ ਦੀਆਂ ਵੋਟਾਂ 3 ਲੱਖ ਤੋਂ ਜ਼ਿਆਦਾ ਹਨ, ਇਸ ਲਈ ਸੁਖਬੀਰ ਨੂੰ ਜ਼ਰੂਰ ਇੱਥੋਂ ਹਾਰ ਦਾ ਮੂੰਹ ਦੇਖਣਾ ਪਵੇਗਾ, ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਆਉਣ ਵਾਲੇ ਨਤੀਜੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੇ।