ਮਨਰੇਗਾ ਸਕੀਮ ਤਹਿਤ ਘਪਲੇ ਮਾਮਲੇ ''ਚ ਅਕਾਲੀ ਦਲ ਤੇ ਕਾਂਗਰਸੀ ਹੋਏ ਆਹਮੋ-ਸਾਹਮਣੇ

Monday, Jul 15, 2019 - 01:01 PM (IST)

ਮਨਰੇਗਾ ਸਕੀਮ ਤਹਿਤ ਘਪਲੇ ਮਾਮਲੇ ''ਚ ਅਕਾਲੀ ਦਲ ਤੇ ਕਾਂਗਰਸੀ ਹੋਏ ਆਹਮੋ-ਸਾਹਮਣੇ

ਮਲੋਟ (ਜਗਤਾਰ) - ਅਕਾਲੀ ਦਲ ਦੇ ਆਗੂ ਬੰਟੀ ਰੋਮਾਣਾ ਵਲੋਂ ਕਾਂਗਰਸੀਆਂ 'ਤੇ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਤਹਿਤ ਭੇਜੇ ਜਾ ਰਹੇ ਪੈਸਿਆਂ 'ਚ ਘਪਲੇਬਾਜ਼ੀ ਕਰਨ ਦੇ ਦੋਸ਼ ਲਾਏ ਗਏ ਹਨ। ਪ੍ਰੈੱਸ ਕਾਨਫਰੰਸ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਤੇ ਉਨ੍ਹਾਂ ਦੇ ਵਿਧਾਇਕ, ਕਾਂਗਰਸੀ ਵਰਕਰ ਸਰਕਾਰ ਦੀਆਂ ਸਰਕਾਰੀ ਸਕੀਮਾਂ ਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ। ਕੇਂਦਰ ਸਰਕਾਰ ਵਲੋਂ ਗਰੀਬਾਂ ਨੂੰ 100 ਦਿਨ ਰੁਜ਼ਗਾਰ ਦੇਣ ਦੇ ਮਕਸਦ ਨਾਲ ਮਨਰੇਗਾ ਸਕੀਮ ਚਲਾ ਕੇ ਗਰੀਬਾਂ ਨੂੰ ਸਰਕਾਰੀ ਕੰਮ ਬਦਲੇ ਉਨ੍ਹਾਂ ਦੀ ਬਣਦੀ ਰਾਸ਼ੀ ਦਿੱਤੀ ਜਾ ਰਹੀ ਹੈ ਪਰ ਕਾਂਗਰਸ ਆਗੂ ਸਰਕਾਰੀ ਅਫਸਰਾਂ ਨਾਲ ਮਿਲ ਕੇ ਵਿਕਾਸ ਦੇ ਨਾਂ 'ਤੇ ਘਪਲੇਬਾਜ਼ੀ ਕਰ ਰਹੇ ਹਨ। ਉਹ ਗਰੀਬਾਂ ਦੇ ਕਰੋੜਾਂ ਰੁਪਏ ਦੀ ਲੁੱਟ ਕਰਕੇ ਉਨ੍ਹਾਂ ਦਾ 81 ਦਿਨ ਦਾ ਪੈਸਾ ਆਪਣੀਆਂ ਜੇਬਾਂ 'ਚ ਪਾ ਰਹੇ ਹਨ ਅਤੇ ਉਨ੍ਹਾਂ ਨੂੰ 100 ਦੀ ਥਾਂ 19 ਦਿਨ ਦੇ ਕੰਮਾਂ ਦੀ ਰਾਸ਼ੀ ਦੇ ਰਹੇ ਹਨ। 

ਉਨ੍ਹਾਂ ਕਿਹਾ ਕਿ ਇਸ ਗੱਲ ਦਾ ਪਤਾ ਲੱਗਣ 'ਤੇ ਉਨ੍ਹਾਂ ਇਹ ਸਾਰਾ ਮਾਮਲਾ ਕੇਂਦਰ ਸਰਕਾਰ ਦੇ ਧਿਆਨ 'ਚ ਲਿਆਂਦਾ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਪਹਿਲੇ ਹਫਤੇ ਹੀ ਇਸ ਸਾਰੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ ਅਤੇ ਸਰਕਾਰੀ ਗੈਰ ਸਰਕਾਰੀ ਹਰ ਵਿਅਕਤੀ, ਜੋ ਇਸ ਘਪਲੇ 'ਚ ਸ਼ਾਮਲ ਹੈ, ਨੂੰ ਕਾਨੂੰਨ ਮੁਤਾਬਕ ਸਜ਼ਾ ਦਿਵਾਈ ਜਾਵੇਗੀ। 

ਉਧਰ ਦੂਜੇ ਪਾਸੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੁਠਲਾਉਂਦੇ ਹੋਏ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੋਂ ਤਾਂ ਕੋਈ ਕੰਮ ਹੋਇਆ ਹੀ ਨਹੀਂ ਅਤੇ ਉਹ ਹੁਣ ਮੇਰੇ ਵਲੋਂ ਕਰਵਾਏ ਜਾਣ ਵਾਲੇ ਸਾਰੇ ਕੰਮਾਂ ਨੂੰ ਰੋਕਣ ਦੀ ਸਾਜਿਸ਼ ਕਰ ਰਿਹਾ ਹੈ। 


author

rajwinder kaur

Content Editor

Related News