ਪੰਜਾਬ ਦੇ 23ਵੇਂ ਜ਼ਿਲ੍ਹੇ ਮਾਲੇਰਕੋਟਲਾ ਦਾ ਵਜੂਦ ਸਿਰਜਣ ਲਈ ਪੰਜਾਬ ਦਾ ਮਾਲ ਤੇ ਪੁਨਰਵਾਸ ਵਿਭਾਗ ਪੱਬਾਂ ਭਾਰ

Friday, May 21, 2021 - 06:17 PM (IST)

ਪੰਜਾਬ ਦੇ 23ਵੇਂ ਜ਼ਿਲ੍ਹੇ ਮਾਲੇਰਕੋਟਲਾ ਦਾ ਵਜੂਦ ਸਿਰਜਣ ਲਈ ਪੰਜਾਬ ਦਾ ਮਾਲ ਤੇ ਪੁਨਰਵਾਸ ਵਿਭਾਗ ਪੱਬਾਂ ਭਾਰ

ਮਾਲੇਰਕੋਟਲਾ (ਜ.ਬ.): ਮਾਲੇਰਕੋਟਲਾ ਦੀ ਵਿਧਾਇਕਾ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀਆਂ ਅਣਥੱਕ ਕੋਸ਼ਿਸ਼ਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 14 ਮਈ ਨੂੰ ‘ਈਦ ਉਲ ਫਿਤਰ’ ਮੌਕੇ ਐਲਾਨੇ ਪੰਜਾਬ ਦੇ 23ਵੇਂ ਜ਼ਿਲ੍ਹਾ ਮਾਲੇਰਕੋਟਲਾ ਦੀ ਭੂਗੋਲਿਕ ਸਿਰਜਣਾ ਲਈ ਜਿਥੇ ਪੰਜਾਬ ਸਰਕਾਰ ਦਾ ਮਾਲ ਤੇ ਪੁਨਰਵਾਸ ਵਿਭਾਗ ਪੱਬਾਂ ਭਾਰ ਹੋ ਗਿਆ ਹੈ, ਉਥੇ ਹੀ ਨਵੇਂ ਮੈਡੀਕਲ ਕਾਲਜ ਦੀ ਉਸਾਰੀ ਲਈ ਮੈਡੀਕਲ ਰਿਸਰਚ ਅਤੇ ਸਿੱਖਿਆ ਮਹਿਕਮਾ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਿਹਾ ਹੈ। ਈਦ ਮੌਕੇ ਮੁੱਖ ਮੰਤਰੀ ਪੰਜਾਬ ਵੱਲੋਂ ਮਾਲੇਰਕੋਟਲਾ ਲਈ ਕੀਤੇ ਵੱਖ-ਵੱਖ ਐਲਾਨਾਂ ਤੋਂ ਬਾਅਦ 17 ਮਈ ਨੂੰ ਸਬੰਧਤ ਮਹਿਕਮਿਆਂ ਤੋਂ 19 ਮਈ ਤੱਕ ਤਜ਼ਵੀਜਾਂ ਮੰਗ ਲਈਆਂ ਸਨ ਤੇ ਅੱਜ ਮੁੱਖ ਮੰਤਰੀ ਦਫ਼ਤਰ ਵੱਲੋਂ ਇਕ ਚਿੱਠੀ ਜਾਰੀ ਕਰ ਕੇ ਮਾਲੇਰਕੋਟਲਾ ਨੂੰ ਪੰਜਾਬ ਦੇ 23ਵੇਂ ਜ਼ਿਲ੍ਹੇ ਵਜੋਂ ਉਦਘਾਟਨ ਕਰਨ ਲਈ 5 ਜੂਨ ਸਵੇਰੇ 11 ਵਜੇ ਦਾ ਸਮਾਂ ਦਿੱਤਾ ਗਿਆ ਹੈ ਤੇ ਨਾਲ ਹੀ ਰੱਖੇ ਗਏ ਵਰਚੁਅਲ ਸਮਾਗਮ ਲਈ ਮਿੰਟ ਟੂ ਮਿੰਟ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ:  ਡੇਰਾ ਮੁਖੀ ਦੀ ਰਿਹਾਈ ਲਈ ਗੁਰਦੁਆਰਾ ਸਾਹਿਬ ’ਚ ਅਰਦਾਸ ਕਰਨ ’ਤੇ ਹੰਗਾਮਾ, ਗ੍ਰੰਥੀ ਗ੍ਰਿਫ਼ਤਾਰ

ਉਤਰੀ ਭਾਰਤ ਦੀ ਸਿਆਸਤ ’ਚ ਵੱਡੀ ਚਰਚਾ ਦਾ ਵਿਸ਼ਾ ਬਣੇ ਜ਼ਿਲ੍ਹਾ ਮਾਲੇਰਕੋਟਲਾ ਬਾਰੇ ਕੈਬਨਿਟ ਮੈਮੋਰੈਂਡਮ ਤਿਆਰ ਕੀਤੇ ਜਾਣ ਦੀ ਵਿਚਾਰ ਅਧੀਨ ਤਜ਼ਵੀਜ ਸਬੰਧੀ ਮਾਲ ਤੇ ਪੁਨਰਵਾਸ ਵਿਭਾਗ ਨੇ 17 ਮਈ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਕ ਪੱਤਰ ਲਿਖ ਕੇ ਪ੍ਰਪੋਜਲ ਜ਼ਿਲ੍ਹੇ ’ਚ ਪੈਣ ਵਾਲੀਆਂ ਸਬ ਡਵੀਜ਼ਨਾਂ, ਸਬ ਤਹਿਸੀਲਾਂ ਅਤੇ ਪਿੰਡਾਂ ਦਾ ਰੰਗਦਾਰ ਨਕਸ਼ੇ ਸਮੇਤ ਵੇਰਵਾ, ਡਿਪਟੀ ਕਮਿਸ਼ਨਰ ਤੇ ਹੋਰ ਉੱਚ ਅਧਿਕਾਰੀਆਂ ਦੇ ਬੈਠਣ ਲਈ ਟ੍ਰਾਂਜਿਟ ਅਕੋਮੋਡੇਸ਼ਨ ਅਤੇ ਡੀ.ਸੀ. ਦਫ਼ਤਰ ਲਈ ਲੋੜੀਂਦੇ ਸਟਾਫ ਬਾਰੇ ਤਜ਼ਵੀਜ 19 ਮਈ ਤੱਕ ਯਕੀਨੀ ਭੇਜਣ ਲਈ ਕਿਹਾ ਗਿਆ ਸੀ।ਜਾਣਕਾਰੀ ਮੁਤਾਬਕ ਨਵੇਂ ਜ਼ਿਲ੍ਹੇ ਦੇ ਆਕਾਰ ਬਾਰੇ ਜਿੱਥੇ ਸੰਗਰੂਰ ਜ਼ਿਲ੍ਹਾ ਸਦਰ ਦਫ਼ਤਰ ਵਿਖੇ ਅਧਿਕਾਰੀਆਂ ਦੀ ਮੱਥਾਪੱਚੀ ਲਗਾਤਾਰ ਜਾਰੀ ਹੈ, ਉਥੇ ਮਾਲੇਰਕੋਟਲਾ ਸਬ ਡਵੀਜ਼ਨਲ ਅਧਿਕਾਰੀ ਨਵੇਂ ਜ਼ਿਲ੍ਹੇ ’ਚ ਆਉਣ ਵਾਲੇ ਖੇਤਰਾਂ ਦੀਆਂ ਗਿਣਤੀਆਂ ਤੇ ਮਿਣਤੀਆਂ ’ਚ ਰੁੱਝੇ ਹੋਏ ਹਨ। ਨਵੇਂ ਜ਼ਿਲ੍ਹੇ ’ਚ ਆਉਣ ਵਾਲੇ ਖੇਤਰਾਂ ਬਾਰੇ ਮੁੱਢਲੇ ਤੌਰ ’ਤੇ ਮਿਲੀ ਜਾਣਕਾਰੀ ਅਨੁਸਾਰ ਮਾਲੇਰਕੋਟਲਾ ਜ਼ਿਲ੍ਹੇ ’ਚ ਮਾਲੇਰਕੋਟਲਾ ਸਬ-ਡਵੀਜ਼ਨ ਦੇ 139 ਅਤੇ ਅਹਿਮਦਗੜ੍ਹ ਸਬ ਡਵੀਜ਼ਨ ਦੇ 53 ਪਿੰਡਾਂ ਸਮੇਤ ਕੁੱਲ 192 ਪਿੰਡ ਸ਼ਾਮਲ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ:  ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ

ਨਵੇਂ ਜ਼ਿਲ੍ਹੇ ’ਚ ਮਾਲੇਰਕੋਟਲਾ ਤੇ ਅਹਿਮਗੜ੍ਹ ਸਬ-ਡਵੀ਼ਜਨਾਂ ਦੀਆਂ ਛੇ ਕਾਨੂਗੋਈਆਂ ਮਾਲੇਰਕੋਟਲਾ, ਅਹਿਮਦਗੜ੍ਹ, ਜਮਾਲਪੁਰਾ, ਸੰਦੌੜ, ਅਮਰਗੜ੍ਹ ਤੇ ਮੰਨਵੀਂ ਦਾ ਕੁੱਲ 65957 ਵਰਗ ਹੈਕਟੇਅਰ ਰਕਬਾ ਸ਼ਾਮਲ ਹੋਵੇਗਾ ਅਤੇ ਜ਼ਿਲਾ ਮਾਲੇਰਕੋਟਲਾ ’ਚ ਮਾਲੇਰਕੋਟਲਾ (ਸ਼ਹਿਰੀ) ਦੀ 135424, ਮਾਲੇਰਕੋਟਲਾ ਦਿਹਾਤੀ ਦੀ 167965, ਅਮਰਗੜ੍ਹ (ਸ਼ਹਿਰੀ) ਦੀ 7339, ਅਹਿਮਦਗੜ੍ਹ (ਸ਼ਹਿਰੀ) ਦੀ 31320 ਅਤੇ ਅਹਿਮਦਗੜ੍ਹ (ਦਿਹਾਤੀ) ਦੀ 85873 ਸਮੇਤ ਕੁਲ 427903 ਜਨ ਸੰਖਿਆ ਹੋਵੇਗੀ। ਇਨ੍ਹਾਂ ਤਜ਼ਵੀਜਾਂ ਬਾਰੇ ਭਾਵੇਂ ਕੋਈ ਵੀ ਅਧਿਕਾਰੀ ਕੁੱਝ ਵੀ ਦੱਸਣ ਲਈ ਤਿਆਰ ਨਹੀਂ ਹੈ ਪਰ ਅਧਿਕਾਰੀਆਂ ਦੀਆਂ ਲਗਾਤਾਰ ਮੀਟਿੰਗਾਂ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਵੱਲੋਂ ਜੂਨ ਦੇ ਪਹਿਲੇ ਹਫਤੇ ਮਾਲੇਰਕੋਟਲਾ ਦੀ ਆਵਾਮ ਨੂੰ ਨਵੇਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਾ ਤੋਹਫਾ ਦੇ ਦਿੱਤਾ ਜਾਵੇਗਾ। ਜਿਸ ਸਬੰਧੀ ਅੱਜ 5 ਜੂਨ ਲਈ ਚਿੱਠੀ ਜਾਰੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  ਸਾਵਧਾਨ! ਕੋਰੋਨਾ ਦੇ ਨਾਲ-ਨਾਲ ਪੰਜਾਬ 'ਤੇ ਮੰਡਰਾਉਣ ਲੱਗਾ ਬਲੈਕ ਫੰਗਸ ਦਾ ਖ਼ਤਰਾ
 

ਡਿਪਟੀ ਕਮਿਸ਼ਨਰ ਦਫਤਰ ਦੇ ਆਰਜ਼ੀ ਪ੍ਰਬੰਧਾਂ ਲਈ ਕਈ ਇਮਾਰਤਾਂ ਅਧਿਕਾਰੀਆਂ ਦੇ ਰਾਡਾਰ ’ਤੇ
ਪ੍ਰਸਤਾਵਿਤ ਜ਼ਿਲ੍ਹਾ ਮਾਲੇਰਕੋਟਲਾ ਦੇ ਪਹਿਲੇ ਡਿਪਟੀ ਕਮਿਸ਼ਨਰ ਦੇ ਦਫਤਰ ਲਈ ਸ਼ਹਿਰ ਦੀਆਂ ਅੱਧੀ ਦਰਜਨ ਇਮਾਰਤਾਂ ਅਧਿਕਾਰੀਆਂ ਦੀ ਨਿਗ੍ਹਾ ਹੇਠ ਦੱਸੀਆਂ ਜਾ ਰਹੀਆਂ ਹਨ। ਇਕ ਤਜ਼ਵੀਜ ਮੁਤਾਬਕ ਐੱਸ.ਡੀ.ਐੱਮ. ਮਲੇਰਕੋਟਲਾ ਦੇ ਇੰਡਸਟਰੀ ਵਿਭਾਗ ਦੀ ਇਮਾਰਤ ’ਚ ਚੱਲ ਰਹੇ ਮੌਜੂਦਾ ਦਫਤਰ ਵਾਲੀ ਇਮਾਰਤ ਨੂੰ ਨਵੇਂ ਡਿਪਟੀ ਕਮਿਸ਼ਨਰ ਦਾ ਦਫਤਰ ਬਣਾਇਆ ਜਾ ਸਕਦਾ ਹੈ ਅਤੇ ਐੱਸ.ਡੀ.ਐੱਮ. ਦਫਤਰ ਨੂੰ ਵਾਪਸ ਪਹਿਲੇ ਵਾਲੀ ਥਾਂ ਤਹਿਸੀਲ ਦਫਤਰ ’ਚ ਤਬਦੀਲ ਕੀਤਾ ਜਾ ਸਕਦਾ ਹੈ। ਆਮ ਲੋਕਾਂ ਦੀ ਪਹੁੰਚ ਤੇ ਪਾਰਕਿੰਗ ਆਦਿ ਦੀਆਂ ਸਹੂਲਤਾਂ ਪੱਖੋਂ ਡੀ. ਸੀ. ਦਫਤਰ ਲਈ ਸਭ ਤੋਂ ਯੋਗ ਇਮਾਰਤ ਸਥਾਨਕ ਸਰਕਾਰੀ ਕਾਲਜ ਸਾਹਮਣੇ ਬਣੇ ਹੋਏ ਟਿਊਬਵੈੱਲ ਕਾਰਪੋਰੇਸ਼ਨ ਕੰਪਲੈਕਸ ਨੂੰ ਦੱਸਿਆ ਜਾ ਰਿਹਾ ਹੈ ਜਿਥੇ ਡੀ. ਸੀ. ਸਮੇਤ ਜ਼ਿਲਾ ਪੱਧਰ ਦੇ ਸਾਰੇ ਅਧਿਕਾਰੀਆਂ ਦੇ ਦਫਤਰ ਬਣ ਸਕਦੇ ਹਨ।ਦੂਜੇ ਪਾਸੇ ਸਥਾਨਕ ਦਿੱਲੀ ਗੇਟ ਦੇ ਬਾਹਰ ਸਥਿਤ ਪੰਜਾਬ ਉਰਦੂ ਅਕੈਡਮੀ ਦੀ ਬਹੁ ਮੰਜ਼ਿਲਾਂ ਇਮਾਰਤ ਨੂੰ ਵੀ ਡੀ.ਸੀ. ਦਫਤਰ ਲਈ ਤਜ਼ਵੀਜਤ ਇਮਾਰਤ ਵਜੋਂ ਵਿਚਾਰਿਆ ਜਾ ਰਿਹਾ ਹੈ ਪਰ ਇੱਥੇ ਪਾਰਕਿੰਗ ਦੀ ਸਮੱਸਿਆ ਦਾ ਹੱਲ ਕੱਢਣਾ ਮੁਸ਼ਕਿਲ ਹੀ ਨਹੀਂ ਬਲਕਿ ਨਾ-ਮੁਮਕਿਨ ਜਾਪਦਾ ਹੈ। ਜਦੋਂ ਕਿ ਡੀ.ਸੀ ਦਫਤਰ ਲਈ ਲਾਲ ਬਾਜ਼ਾਰ ਸਥਿਤ ਨਗਰ ਕੌਂਸਲ ਮਾਲੇਰਕੋਟਲਾ ਦੇ ਦਫਤਰ ਵਾਲੀ ਬਿਲਡਿੰਗ ਵੀ ਸਰਕਾਰ ਦੀ ਨਿਗਾਹ ਹੇਠ ਹੈ।
 

ਇਹ ਵੀ ਪੜ੍ਹੋ: ਪਤਨੀ ਨੇ ਗੁਆਂਢਣ ਨਾਲ ਹੋਟਲ 'ਚ ਰੰਗੇ ਹੱਥੀਂ ਫੜ੍ਹਿਆ ਪਤੀ, ਦੋਵਾਂ ਦੀ ਖ਼ੂਬ ਕੀਤੀ ਛਿੱਤਰ-ਪਰੇਡ

5 ਜੂਨ ਸ਼ੁਰੂ ਹੋ ਰਿਹਾ ਹੈ ਨਵੇਂ ਜ਼ਿਲੇ ਦਾ ਪ੍ਰਬੰਧਕੀ ਕਾਰਜ
ਮੁੱਖ ਮੰਤਰੀ ਦਫਤਰ ਵੱਲੋਂ ਜਾਰੀ ਚਿੱਠੀ ਮੁਤਾਬਕ ਪੰਜਾਬ ਦੇ 23ਵੇਂ ਜ਼ਿਲੇ ਮਾਲੇਰਕੋਟਲਾ ਦਾ ਪ੍ਰਬੰਧਕੀ ਕਾਰਜ 5 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਦਘਾਟਨ ਕਰਨ ਉਪਰੰਤ ਸ਼ੁਰੂ ਹੋ ਜਾਵੇਗਾ ਤੇ 5 ਜੂਨ ਤੋਂ ਪਹਿਲਾਂ-ਪਹਿਲਾਂ ਮਾਲੇਰਕੋਟਲਾ ਜ਼ਿਲਾ ਲਈ ਪਹਿਲੇ ਡੀ.ਸੀ. ਦੀ ਨਿਯੁਕਤੀ ਹੋ ਜਾਏਗੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਨਵੇਂ ਜ਼ਿਲੇ ਸਬੰਧੀ ਮੁਕੰਮਲ ਤਜ਼ਵੀਜ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਪੰਜਾਬ ਸਰਕਾਰ ਨੂੰ ਚੰਡੀਗੜ੍ਹ ਭੇਜ ਦਿਤੀ ਗਈ ਹੈ ਅਤੇ ਅੱਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਨਵੇਂ ਜ਼ਿਲੇ ਮਾਲੇਰਕੋਟਲਾ ਦਾ ਰੰਗਦਾਰ ਨਕਸ਼ਾ ਲੋਕਾਂ ’ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਨਕਸ਼ੇ ਮੁਤਾਬਕ ਨਵੇਂ ਜ਼ਿਲੇ ’ਚ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੇ ਅਮਰਗੜ੍ਹ ਨਾਲ ਸਬੰਧਤ ਮਾਲੇਰਕੋਟਲਾ ਤੇ ਅਹਿਮਦਗੜ੍ਹ ਦੋ ਸਬ ਡਵੀਜ਼ਨਾਂ ਨੂੰ ਹੀ ਸ਼ਾਮਲ ਕੀਤਾ ਦਿਖਾਇਆ ਗਿਆ ਹੈ।ਜਾਰੀ ਕੀਤੀ ਚਿੱਠੀ ਮੁਤਾਬਕ ਇਸ ਮੌਕੇ ਮਾਲੇਰਕੋਟਲਾ ਵਿਖੇ 500 ਕਰੋੜ ਦੀ ਲਾਗਤ ਨਾਲ ਬਨਣ ਵਾਲੇ ‘ਨਵਾਬ ਸ਼ੇਰ ਮੁਹੰਮਦ ਖਾਨ ਸਰਕਾਰੀ ਮੈਡੀਕਲ ਕਾਲਜ ਸਮੇਤ ਸਰਕਾਰੀ ਗਰਲਜ਼ ਕਾਲਜ, ਨਵੇਂ ਬੱਸ ਸਟੈਂਡ ਅਤੇ ਨਵੇਂ ਮਹਿਲਾ ਥਾਣੇ ਦਾ ਵੀ ਉਦਘਾਟਨ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਣਾ ਹੈ । ਪ੍ਰੋਗਰਾਮ ਖਤਮ ਹੋਣ ੳਪਰੰਤ ਉਕਤ ਇਮਾਰਤਾਂ ਦਾ ਉਦਘਾਟਨ ਮੌਕੇ ’ਤੇ ਜਾ ਕੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਜ਼ਿਲਾ ਮਾਲੇਰਕੋਟਲਾ ਦੇ ਲੋਕਾ ਨੂੰ ਦਿਖਾਉਣ ਲਈ 100 ਐੱਲ. ਈ. ਡੀ. ਸਕਰੀਨਾਂ ਲਾਉਣ ਲਈ ਵੀ ਕਿਹਾ ਗਿਆ ਹੈ ਤਾਂ ਜੋ ਹਰ ਇਕ ਤਕ ਇਸ ਪ੍ਰੋਗਰਾਮ ਨੂੰ ਪਹੁੰਚਾਇਆ ਜਾ ਸਕੇ।

ਇਹ ਵੀ ਪੜ੍ਹੋ: ਸਫ਼ਾਈ ਸੇਵਕਾਂ ਦੀ ਹੜਤਾਲ ਮਗਰੋਂ ਰਾਜਾ ਵੜਿੰਗ ਟਰੈਕਟਰ ਲੈ ਕੇ ਕੂੜੇ ਦੇ ਢੇਰ ਸਾਫ਼ ਕਰਨ ਖ਼ੁਦ ਨਿਕਲੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News