ਮਜੀਠੀਆ ਨੇ ਮੰਤਰੀ ਅਨਮੋਲ ਗਗਨ ਮਾਨ ਖ਼ਿਲਾਫ਼ ਖੋਲ੍ਹਿਆ ਮੋਰਚਾ, ਤਸਵੀਰ ਸਾਂਝੀ ਕਰ ਚੁੱਕੇ ਵੱਡੇ ਸਵਾਲ
Wednesday, Nov 30, 2022 - 01:12 PM (IST)
ਚੰਡੀਗੜ੍ਹ (ਜ. ਬ. , ਵੈੱਬ ਡੈਸਕ) : ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਕ ਮੰਤਰੀ ਤੇ ਆਮ ਆਦਮੀ ਵਾਸਤੇ ਕਾਨੂੰਨ ਵੱਖੋ-ਵੱਖ ਨਹੀਂ ਹੋ ਸਕਦਾ ਤੇ ਉਨ੍ਹਾਂ ਮੰਗ ਕੀਤੀ ਕਿ ਗੰਨ ਕਲਚਰ ਦੀ ਪ੍ਰੋਮੋਸ਼ਨ ਲਈ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਮਜੀਠੀਆ ਨੇ ਕਿਹਾ ਕਿ ਭਾਵੇਂ ਪੰਜਾਬ ਪੁਲਸ ਮੁਖੀ ਗੌਰਵ ਯਾਦਵ ਨੇ ਆਪੋ-ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਗੰਨ ਕਲਚਰ ਦੀਆਂ ਸਾਰੀਆਂ ਤਸਵੀਰਾਂ ਹਟਾਉਣ ਲਈ 72 ਘੰਟੇ ਦਾ ਸਮਾਂ ਦਿੱਤਾ ਸੀ ਪਰ ਅਨਮੋਲ ਗਗਨ ਮਾਨ ਨੇ ਇਸ ਚਿਤਾਵਨੀ ਦੀ ਪ੍ਰਵਾਹ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਫੌਰੀ ਕਾਰਵਾਈ ਹੋਣੀ ਚਾਹੀਦੀ ਹੈ। ਅਜਿਹਾ ਕਰਨਾ ਇਸ ਵਾਸਤੇ ਵੀ ਲਾਜ਼ਮੀ ਹੈ ਕਿਉਂਕਿ ਇਹ ਸਪੱਸ਼ਟ ਸੁਨੇਹਾ ਮਿਲਣਾ ਚਾਹੀਦਾ ਹੈ ਕਿ ‘ਖਾਸ ਆਦਮੀ’ ਲਈ ਕਾਨੂੰਨ ਵੱਖ ਨਹੀਂ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ 'ਤੇ 5 AK-47 ਸਮੇਤ ਬਰਾਮਦ ਹੋਈ ਹਥਿਆਰਾਂ ਦਾ ਵੱਡੀ ਖੇਪ
ਇਸ ਸਬੰਧੀ ਟਵੀਟ ਕਰਦਿਆਂ ਮਜੀਠੀਆ ਨੇ ਲਿਖਿਆ ਪੰਜਾਬ ਦਾ ਅਸਲੀ ਡੀ. ਜੀ. ਪੀ. ਕੌਣ? ਹੁਣ ਤੱਕ ਵੀ ਸੋਸ਼ਲ਼ ਮੀਡੀਆ ਤੋਂ ਹਥਿਆਰਾਂ ਸਮੇਤ ਤਸਵੀਰਾਂ ਨਾ ਹਟਾਉਣ ਵਾਲੀ ਅਨਮੋਲ ਗਗਨ ਮਾਨ? ਜਾਂ ਆਰਡਰ ਦੇਣ ਵਾਲੇ ਪੰਜਾਬ ਡੀ. ਜੀ. ਪੀ. ? ਮਜੀਠੀਆ ਨੇ ਕਿਹਾ ਕਿ 4 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ? ਇਹ ਦੌਹਰਾ ਮਾਪਢੰਡ ਕਿਉਂ? ਆਮ ਲੋਕਾਂ 'ਤੇ ਪਰਚੇ ਕਿਉਂ? ਉਨ੍ਹਾਂ ਮੁੱਖ ਮੰਤਰੀ ਮਾਨ 'ਤੇ ਤੰਜ਼ ਕੱਸਦਿਆਂ ਕਿਹਾ ਕਿ ਇਹ ਕਾਨੂੰਨ ਨਹੀਂ ਬਦਲਾਅ ਹੈ?
ਮਜੀਠੀਆ ਨੇ ਕਿਹਾ ਕਿ ਬਜਾਏ ਕਾਨੂੰਨ ਤੇ ਵਿਵਸਥਾ ਨੂੰ ਦਰੁੱਸਤ ਕਰਨ ਵਾਸਤੇ ਕਦਮ ਚੁੱਕਣ ਦੇ ਗੰਨ ਕਲਚਰ ਦੇ ਖ਼ਿਲਾਫ਼ ਚਲਾਈ ਮੁਹਿੰਮ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਨਾਬਾਲਗਾਂ ’ਤੇ ਪਰਚੇ ਦਰਜ ਹੋ ਰਹੇ ਹਨ। ਅਜਿਹੀਆਂ ਹੀ ਕਈ ਉਦਾਹਰਣਾਂ ਹਨ, ਜਿਨ੍ਹਾਂ ਵਿਚ ਬਦਲਾਖੋਰੀ ਦੇ ਵਰਤਾਅ ਕਾਰਨ ਕੇਸ ਦਰਜ ਕੀਤੇ ਗਏ ਹਨ। ਮਜੀਠੀਆ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਇਕ ਪਾਸੇ ਆਮ ਆਦਮੀ ਸਰਕਾਰ ਗੰਨ ਕਲਚਰ ਦੇ ਖ਼ਿਲਾਫ਼ ਕਦਮ ਚੁੱਕ ਰਹੀ ਹੈ ਜਦਕਿ ਦੂਜੇ ਪਾਸੇ ਇਹ ਲੋਕਾਂ ਨੂੰ ਬੰਦੂਕਾਂ ਦੇ ਲਾਇਸੈਂਸ ਲੈਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀਆਂ ਨੂੰ 20 ਤੋਂ 30 ਹਜ਼ਾਰ ਰੁਪਏ ਦੇਣ ਲਈ ਮਜਬੂਰ ਕਰ ਰਹੇ ਹਨ। ਮਜੀਠੀਆ ਨੇ ਸੂਬੇ ਦੇ ਡੀ. ਜੀ. ਪੀ. ਨੂੰ ਆਖਿਆ ਕਿ ਉਹ ਮਸਲੇ ਦੀ ਜੜ੍ਹ ’ਤੇ ਕਾਰਵਾਈ ਕਰਨ ਅਤੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਵਿਚ ਗਿਰਾਵਟ ਨੁੰ ਰੋਕਣ ਲਈ ਤੁਰੰਤ ਦਰੁੱਸਤੀ ਵਾਲੇ ਅਸਲ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।