ਮਜੀਠੀਆ ਬੋਲ ਰਹੇ ਭਾਜਪਾ ਦੀ ਬੋਲੀ, ਅੰਦਰਖਾਤੇ ਅਜੇ ਵੀ ਅਕਾਲੀ-ਭਾਜਪਾ ਨੇ ਇਕ : ਕੰਗ
Friday, Nov 11, 2022 - 10:05 PM (IST)
ਚੰਡੀਗੜ੍ਹ (ਬਿਊਰੋ) : ਆਮ ਆਦਮੀ ਪਾਰਟੀ (ਆਪ) ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਦੇ ਅੱਜ ਦੇ ਬਿਆਨਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ’ਚ ਆਪਣੀ ਗੁਆਚੀ ਸਿਆਸੀ ਜ਼ਮੀਨ ਨੂੰ ਮੁੜ ਹਾਸਿਲ ਕਰਨ ਲਈ ਇੰਨਾ ਹੇਠਾਂ ਡਿੱਗ ਗਿਆ ਹੈ ਕਿ ਉਹ ਲਾਸ਼ਾਂ ’ਤੇ ਪੈਰ ਰੱਖ ਅੱਗੇ ਵਧਣ ਦੀ ਫ਼ਿਰਾਕ ’ਚ ਹੈ। ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਇਕ ਬਿਆਨ ’ਚ ‘ਆਪ’ ਆਗੂ ਕੰਗ ਨੇ ਕਿਹਾ ਕਿ ਪਹਿਲਾਂ ਭਾਜਪਾ ਸੁਕੇਸ਼ ਚੰਦਰਾਸ਼ੇਖਰ ਵਰਗੇ ਠੱਗ ਦੇ ਬਿਆਨਾਂ ਦੇ ਆਧਾਰ ’ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੀ ਸੀ ਅਤੇ ਬਿਕਰਮ ਮਜੀਠੀਆ ਵੀ ਭਾਜਪਾ ਦੀ ਬੋਲੀ ਬੋਲ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਜੇਕਰ ਰਾਜੀਵ ਗਾਂਧੀ ਕਤਲ ਮਾਮਲੇ ’ਚ ਦੋਸ਼ੀ ਛੱਡੇ ਜਾ ਸਕਦੇ ਹਨ ਤਾਂ ਸਿੱਖ ਬੰਦੀ ਕਿਉਂ ਨਹੀਂ : ਐਡਵੋਕੇਟ ਧਾਮੀ
ਉਨ੍ਹਾਂ ਕਿਹਾ ਕਿ ਇਥੋਂ ਸਾਫ਼ ਹੈ ਕਿ ਅਕਾਲੀ-ਭਾਜਪਾ ਅੰਦਰਖਾਤੇ ਅੱਜ ਵੀ ਇਕੋ ਹਨ ਅਤੇ ਇਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਉਲਟ ਕੰਮ ਕੀਤਾ ਹੈ। ਮਲਵਿੰਦਰ ਕੰਗ ਨੇ ਅਕਾਲੀ ਦਲ ਦੇ ਰਾਜ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੀ ਸਰਕਾਰ ਦੌਰਾਨ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਅਤੇ ਉਨ੍ਹਾਂ ਨੂੰ ਪੁਸ਼ਤਪਨਾਹੀ ਦੇ ਕੇ ਗੈਂਗਸਟਰ ਬਣਾਇਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਕਾਨੂੰਨ ਅਨੁਸਾਰ ਪੰਜਾਬ ਪੱਖੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕਿਸੇ ਵੀ ਅਸਮਾਜਿਕ ਤੱਤ ਨੂੰ ਨਹੀਂ ਬਖ਼ਸ਼ੇਗੀ ਅਤੇ ਹਮੇਸ਼ਾ ਕਾਨੂੰਨ ਅਨੁਸਾਰ ਫ਼ੈਸਲੇ ਲਵੇਗੀ। ਕੰਗ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਮਜ਼ਬੂਤ ਹੈ ਅਤੇ ਧਰਮ ਦੇ ਨਾਂ ਰਾਜਨੀਤੀ ਕਰਨ ਵਾਲਿਆਂ ਨੂੰ ਲੋਕਾਂ ਨੇ ਹਮੇਸ਼ਾ ਤੋਂ ਨਾਪਸੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿੰਦੂ-ਸਿੱਖ ਮਸਲੇ ਪੈਦਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਅੱਜ ਲੋਕਾਂ ਨੇ ਬਿਲਕੁਲ ਨਕਾਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ SHO ਤੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ