ਮਜੀਠੀਆ ਨੂੰ ਜੇਲ੍ਹ ''ਚ ਜਾਨੋਂ ਮਾਰਨ ਦਾ ਖਦਸ਼ਾ; ਅਕਾਲੀ ਦਲ ਨੇ ਰਾਜਪਾਲ ਕੋਲ ਪ੍ਰਗਟਾਇਆ ਖਦਸ਼ਾ
Wednesday, Jun 08, 2022 - 09:38 PM (IST)
ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਦੱਸਿਆ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਜੇਲ੍ਹ 'ਚ ਖ਼ਤਰਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ 'ਤੇ ਕੋਈ ਵੀ ਬਰਾਮਦਗੀ ਪਾ ਕੇ ਉਨ੍ਹਾਂ ਨੂੰ ਇਕ ਹੋਰ ਝੂਠੇ ਮੁਕੱਦਮੇ 'ਚ ਫਸਾਇਆ ਜਾ ਸਕਦਾ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਇਯਾਲੀ ਤੇ ਮਜੀਠੀਆ ਦੀ ਧਰਮ ਪਤਨੀ ਵਿਧਾਇਕਾ ਗਨੀਵ ਕੌਰ ਸਮੇਤ ਅਕਾਲੀ ਦਲ ਦੇ ਇਕ ਵਫ਼ਦ ਨੇ ਅੱਜ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਹਰਪ੍ਰੀਤ ਸਿੱਧੂ ਨੂੰ ਏ.ਡੀ.ਜੀ.ਪੀ. ਜੇਲ੍ਹਾਂ ਦੇ ਦਿੱਤੇ ਐਡੀਸ਼ਨ ਚਾਰਜ ਨੂੰ ਵਾਪਸ ਲੈਣ ਲਈ ਤੁਰੰਤ ਹਦਾਇਤਾਂ ਜਾਰੀ ਕਰਨ।
ਇਹ ਵੀ ਪੜ੍ਹੋ : ਕੈਬਨਿਟ ਵੱਲੋਂ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ, ਪੰਜਾਬ 'ਚ ਸਸਤੀ ਹੋਈ ਸ਼ਰਾਬ (ਵੀਡੀਓ)
ਵਫ਼ਦ ਨੇ ਰਾਜਪਾਲ ਦੇ ਧਿਆਨ 'ਚ ਲਿਆਂਦਾ ਕਿ ਪਿਛਲੀ ਸਰਕਾਰ ਵਾਂਗ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੀ ਹਰਪ੍ਰੀਤ ਸਿੱਧੂ ਦੇ ਹੱਥਾਂ ਵਿੱਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਅਫ਼ਸਰ ਜੋ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਵਜੋਂ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ, ਨੂੰ ਏ.ਡੀ.ਜੀ.ਪੀ. ਜੇਲ੍ਹਾਂ ਦਾ ਐਡੀਸ਼ਨਲ ਚਾਰਜ ਸਿਰਫ ਬਿਕਰਮ ਮਜੀਠੀਆ ਨਾਲ ਨਿੱਜੀ ਕਿੜਾਂ ਕੱਢਣ ਵਾਸਤੇ ਦਿੱਤਾ ਗਿਆ ਹੈ। ਅਜਿਹਾ ਕਰਨਾ ਆਮ ਆਦਮੀ ਪਾਰਟੀ ਵਾਸਤੇ ਸਿਆਸੀ ਤੌਰ 'ਤੇ ਲਾਹੇਵੰਦ ਹੈ ਕਿਉਂਕਿ ਇਸ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਮਜੀਠੀਆ ਨਾਲ ਲੱਗਦੇ ਹਨ ਕਿਉਂਕਿ ਉਨ੍ਹਾਂ ਨੂੰ ਨਸ਼ਿਆਂ ਦੇ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਲਾਏ ਦੋਸ਼ਾਂ ਲਈ ਉਨ੍ਹਾਂ ਤੋਂ ਮੁਆਫੀ ਮੰਗਣੀ ਪਈ ਹੈ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਹਰਪ੍ਰੀਤ ਸਿੰਘ ਸਿੱਧੂ ਏ.ਡੀ.ਜੀ.ਪੀ. ਜੇਲ੍ਹਾਂ ਰਹੇਗਾ, ਮੇਰੇ ਭਰਾ ਦੀ ਜੇਲ੍ਹ 'ਚ ਜਾਨ ਸੁਰੱਖਿਅਤ ਨਹੀਂ ਹੈ। ਪੁਲਸ ਅਫ਼ਸਰ ਉਨ੍ਹਾਂ ਦੇ ਭਰਾ ਦਾ ਨੁਕਸਾਨ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਮਜੀਠੀਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਜਾਂ ਫਿਰ ਉਨ੍ਹਾਂ ਨੂੰ ਇਕ ਹੋਰ ਝੂਠੇ ਕੇਸ 'ਚ ਸਫਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਫ਼ਦ ਨੇ ਰਾਜਪਾਲ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਸਿੱਧੂ ਜਿਸ ਦੀ ਮਜੀਠੀਆ ਪਰਿਵਾਰ ਨਾਲ ਦੁਸ਼ਮਣੀ ਹੈ, ਨੂੰ ਸੁਪਰ ਡੀ.ਜੀ.ਪੀ ਵਜੋਂ ਕੰਮ ਨਹੀਂ ਕਰਨ ਦੇਣਾ ਚਾਹੀਦਾ। ਵਫ਼ਦ ਨੇ ਦੱਸਿਆ ਕਿ ਪੁਲਸ ਅਫ਼ਸਰ ਨਾ ਸਿਰਫ ਐੱਸ.ਟੀ.ਐੱਫ. ਦੇ ਮੁਖੀ ਵਜੋਂ ਮਜੀਠੀਆ ਦੇ ਖ਼ਿਲਾਫ਼ ਦੋਸ਼ਾਂ ਦੀ ਜਾਂਚ ਲਈ ਐੱਸ.ਟੀ.ਐੱਫ. ਗਠਿਤ ਕਰਵਾਉਣ ਲਈ ਜ਼ਿੰਮੇਵਾਰ ਹਨ ਬਲਕਿ ਉਹ ਇਸ ਨੂੰ ਕੰਟਰੋਲ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸਿੱਧੂ ਨੂੰ ਜੇਲ੍ਹ ਵਿਭਾਗ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ ਤਾਂ ਜੋ ਉਹ ਮਜੀਠੀਆ ਦੇ ਖ਼ਿਲਾਫ਼ ਹੋਰ ਝੂਠੇ ਸਬੂਤ ਜੁਟਾ ਸਕਣ।
ਇਹ ਵੀ ਪੜ੍ਹੋ : 'RAPE' ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਵੈਸਟ ਬੰਗਾਲ ਤੋਂ ਸਾਈਕਲ 'ਤੇ ਨਿਕਲਿਆ ਇਹ ਨੌਜਵਾਨ (ਵੀਡੀਓ)
ਅਕਾਲੀ ਦਲ ਦੇ ਵਫ਼ਦ ਨੇ ਇਹ ਵੀ ਦੱਸਿਆ ਕਿ ਕਿਵੇਂ ਮਜੀਠੀਆ ਨਾਲ ਜੇਲ੍ਹ 'ਚ ਅਣਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ 8 ਬਾਈ 8 ਸਾਈਜ਼ ਦੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਮਜੀਠੀਆ ਨੂੰ ਇਸ ਸੈੱਲ 'ਚ ਤਬਦੀਲ ਕਰਨ ਦਾ ਮਕਸਦ ਸਿਰਫ ਉਨ੍ਹਾਂ ਨੂੰ ਜ਼ਲੀਲ ਕਰਨਾ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ