ਲੁਧਿਆਣਾ : ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 14 ਨੂੰ

08/10/2019 4:28:38 PM

ਲੁਧਿਆਣਾ (ਮਹਿਰਾ) : ਜੂਡੀਸ਼ੀਅਲ ਮੈਜਿਸਟ੍ਰੇਟ ਸੋਢੀ ਦੇ ਬੀਤੇ ਦਿਨ ਛੁੱਟੀ 'ਤੇ ਹੋਣ ਕਾਰਨ ਅਦਾਲਤ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਐੱਮ. ਪੀ. ਸੰਜੇ ਸਿੰਘ ਖਿਲਾਫ ਮਜੀਠੀਆ ਵਲੋਂ ਦਾਇਰ ਮਾਣਹਾਨੀ ਕੇਸ ਦੀ ਸੁਣਵਾਈ ਨਹੀਂ ਹੋ ਸਕੀ ਅਤੇ ਕੇਸ ਨੂੰ 14 ਅਗਸਤ ਲਈ ਅੱਗੇ ਪਾ ਦਿੱਤਾ ਗਿਆ ਹੈ। ਇਸ ਕੇਸ 'ਚ ਬਿਕਰਮ ਸਿੰਘ ਮਜੀਠੀਆ ਦੀਆਂ ਅਦਾਲਤ 'ਚ ਗਵਾਹੀਆਂ ਚੱਲ ਰਹੀਆਂ ਹਨ।

ਆਪਣੀ ਸ਼ਿਕਾਇਤ 'ਚ ਮਜੀਠੀਆ ਨੇ ਦੋਸ਼ ਲਾਇਆ ਸੀ ਸੰਜੇ ਸਿੰਘ ਨੇ ਮੋਗਾ 'ਚ ਹੋਈ ਰੈਲੀ 'ਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਸੱਤਾ 'ਚ ਆਉਣ 'ਤੇ ਪੰਜਾਬ ਦੇ ਤਤਕਾਲੀ ਮੰਤਰੀ ਮਜੀਠੀਆ ਨੂੰ ਨਸ਼ੇ ਵਾਲੇ ਪਦਾਰਥ ਵੇਚਣ 'ਚ ਸ਼ਾਮਲ ਹੋਣ 'ਤੇ ਜੇਲ ਭੇਜਿਆ ਜਾਵੇਗਾ। ਉਨ੍ਹਾਂ ਮੁਤਾਬਕ ਅੰਗਰੇਜ਼ੀ ਅਖਬਾਰ ਨੇ ਉਪਰੋਕਤ ਖਬਰ ਆਪਣੇ ਚੰਡੀਗੜ੍ਹ ਦੇ ਆਡੀਸ਼ਨ 'ਚ ਪ੍ਰਕਾਸ਼ਿਤ ਕਕੇ ਉਨ੍ਹਾਂ ਦੇ ਮਾਣ ਨੂੰ ਧੁੰਦਲਾ ਕੀਤਾ ਸੀ, ਜਦੋਂ ਕਿ ਉਨ੍ਹਾਂ ਦਾ ਪਰਿਵਾਰ ਕਈ ਸਾਲਾਂ ਤੋਂ ਸਿਆਸਤ 'ਚ ਸਰਗਰਮ ਹੈ ਅਤੇ ਉਨ੍ਹਾਂ ਨੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਹੈ। ਆਪਣੀ ਸ਼ਿਕਾਇਤ 'ਚ ਮਜੀਠੀਆ ਨੇ ਦਾਅਵਾ ਕੀਤਾ ਕਿ ਉਹ ਪਰਮਾਤਮਾ ਨੂੰ ਮੰਨਣ ਵਾਲੇ ਹਨ ਅਤੇ ਨਸ਼ਾ ਰਹਿਤ ਹਨ।

ਇਸ ਦੇ ਨਾਲ ਹੀ ਸਿਆਸੀ ਕਾਰਨਾਂ ਕਰਕੇ ਸੰਜੇ ਸਿੰਘ ਨੇ ਮੋਗਾ ਰੈਲੀ 'ਚ ਉਨ੍ਹਾਂ 'ਤੇ ਗਲਤ ਦੋਸ਼ ਲਾਏ ਸਨ, ਜਿਸ ਨਾਲ ਉਨ੍ਹਾਂ ਦੇ ਮਾਣ ਨੂੰ ਠੇਸ ਪੁੱਜੀ ਹੈ। ਅਦਾਲਤ 'ਚ ਬਿਕਰਮ ਸਿੰਘ ਮਜੀਠੀਆ ਅਤੇ ਸੰਜੇ ਸਿੰਘ ਅਦਾਲਤ 'ਚ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਵਲੋਂ ਵਕੀਲਾਂ ਵਲੋਂ ਦਾਇਰ ਹਾਜ਼ਰੀ ਮੁਆਫੀ ਦੀ ਅਰਜ਼ੀ ਲਾਈ ਗਈ ਸੀ। ਕੇਸ ਦੀ ਅਗਲੀ ਸੁਣਵਾਈ 14 ਅਗਸਤ ਨੂੰ ਹੋਵੇਗੀ। 
 


Babita

Content Editor

Related News