57 ਸਾਲਾਂ ਬਾਅਦ ‘ਮਾਝੇ’ ਦੀ ਹੋਈ ਸੁਣਵਾਈ, 2 ਉਪ-ਮੁੱਖ ਮੰਤਰੀਆਂ ਦੇ ਰੂਪ ’ਚ ਮਿਲੀ ਅਹਿਮ ਨੁਮਾਇੰਦਗੀ

Monday, Sep 20, 2021 - 11:14 PM (IST)

57 ਸਾਲਾਂ ਬਾਅਦ ‘ਮਾਝੇ’ ਦੀ ਹੋਈ ਸੁਣਵਾਈ, 2 ਉਪ-ਮੁੱਖ ਮੰਤਰੀਆਂ ਦੇ ਰੂਪ ’ਚ ਮਿਲੀ ਅਹਿਮ ਨੁਮਾਇੰਦਗੀ

ਗੁਰਦਾਸਪੁਰ (ਹਰਮਨ)-ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਅੰਦਰ ਹੁਣ ਤੱਕ ਮੁੱਖ ਮੰਤਰੀ ਦੀ ਕੁਰਸੀ ’ਤੇ ਹਮੇਸ਼ਾ ਮਾਲਵਾ ਖੇਤਰ ਦੇ ਆਗੂਆਂ ਦਾ ਪ੍ਰਭਾਵ ਰਿਹਾ ਹੈ। ਮਾਝੇ ਨਾਲ ਸਬੰਧਿਤ ਪ੍ਰਤਾਪ ਸਿੰਘ ਕੈਰੋਂ ਹੀ ਮਾਝੇ ਨਾਲ ਸਬੰਧਿਤ ਅਜਿਹੇ ਆਗੂ ਸਨ, ਜਿਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ, ਜਦਕਿ ਬਾਅਦ ’ਚ ਇਕ ਵਾਰ ਵੀ ਇਸ ਖੇਤਰ ਦੇ ਕਿਸੇ ਆਗੂ ਦੇ ਸਿਰ ’ਤੇ ਮੁੱਖ ਮੰਤਰੀ ਦਾ ਤਾਜ ਨਹੀਂ ਸਜਿਆ ਪਰ ਹੁਣ ਮਾਝੇ ਨਾਲ ਸਬੰਧਿਤ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਦੇ ਰੂਪ ਵਿਚ ਮਾਝੇ ਨੂੰ ਦੋ ਉਪ-ਮੁੱਖ ਮੰਤਰੀ ਮਿਲਣ ਕਾਰਨ ਕਰੀਬ 57 ਸਾਲਾਂ ਬਾਅਦ ਮਾਝਾ ਖੇਤਰ ਨੂੰ ਸਰਕਾਰ ’ਚ ਅਹਿਮ ਨੁਮਾਇੰਦਗੀ ਮਿਲੀ ਹੈ।

ਇਹ ਵੀ ਪੜ੍ਹੋ : CM ਬਣਨ ਮਗਰੋਂ ਸ੍ਰੀ ਚਮਕੌਰ ਸਾਹਿਬ ਪਹੁੰਚੇ ਚਰਨਜੀਤ ਚੰਨੀ, ਕਿਹਾ-ਗੁਰੂ ਸਾਹਿਬ ਦੀ ਬੇਅਦਬੀ ਦਾ ਹੋਵੇਗਾ ਇਨਸਾਫ਼

PunjabKesari

ਮਾਝੇ ਨਾਲ ਸਬੰਧਿਤ ਹਨ 25 ਸੀਟਾਂ
ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਕੁਲ 117 ਵਿਧਾਨ ਸਭਾ ਸੀਟਾਂ ’ਚੋਂ ਕਰੀਬ 69 ਸੀਟਾਂ ਇਕੱਲੇ ਮਾਲਵਾ ਖੇਤਰ ਨਾਲ ਸਬੰਧਿਤ ਹਨ, ਜਦਕਿ 23 ਸੀਟਾਂ ਦੋਆਬਾ ’ਚ ਹਨ ਅਤੇ ਮਾਝੇ ਖੇਤਰ ’ਚ 25 ਸੀਟਾਂ ਹਨ। 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ’ਤੇ ਪੰਜਾਬ ਦੇ ਪੁਨਰਗਠਨ ਉਪਰੰਤ ਹੁਣ ਤੱਕ ਬਣੇ 15 ਮੁੱਖ ਮੰਤਰੀ ਮਾਲਵੇ ਨਾਲ ਹੀ ਸਬੰਧਿਤ ਰਹੇ ਹਨ ਪਰ ਬੀਤੇ ਕੱਲ੍ਹ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਖ਼ਬਰਾਂ ਵਾਇਰਲ ਹੋਣ ਤੋਂ ਬਾਅਦ ਇਕ ਵਾਰ ਸਮੁੱਚੇ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਅੰਦਰ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਪਰ ਹਾਈਕਮਾਨ ਵੱਲੋਂ ਬਦਲੇ ਫ਼ੈਸਲੇ ਨੇ ਮਾਝੇ ਦੇ ਲੋਕਾਂ ਨੂੰ ਦਿਸੀ ਉਮੀਦ ਦੀ ਕਿਰਨ ਮੁੜ ਫਿੱਕੀ ਪਾ ਦਿੱਤੀ।

1956 ਤੋਂ 1964 ਦੌਰਾਨ ਮਾਝੇ ਦੇ ਪ੍ਰਤਾਪ ਸਿੰਘ ਕੈਰੋਂ ਸਿਰ ਸਜਿਆ ਸੀ ਮੁੱਖ ਮੰਤਰੀ ਦਾ ਤਾਜ
ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਮਾਝੇ ਨਾਲ ਸਬੰਧਿਤ ਉੱਘੇ ਸਿਆਸਤਦਾਨ ਪ੍ਰਤਾਪ ਸਿੰਘ ਕੈਰੋਂ 23 ਜਨਵਰੀ 1956 ਤੋਂ 21 ਜੂਨ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਉਸ ਮੌਕੇ ਉਨ੍ਹਾਂ ਵੱਲੋਂ ਲਏ ਗਏ ਫੈਸਲੇ ਅਤੇ ਇਸ ਖੇਤਰ ਲਈ ਕੀਤੇ ਕੰਮਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਉਨ੍ਹਾਂ ਤੋਂ ਬਾਅਦ ਪੰਜਾਬ ਦੇ ਸਿਆਸੀ ਹਾਲਾਤ ’ਚ ਕਈ ਤਰ੍ਹਾਂ ਦੇ ਬਦਲਾਅ ਆਏ ਪਰ ਇਸ ਖੇਤਰ ਦੇ ਕਿਸੇ ਆਗੂ ਨੂੰ ਮੁੜ ਮੁਖ ਮੰਤਰੀ ਦੀ ਕੁਰਸੀ ਨਸੀਬ ਨਹੀਂ ਹੋਈ। ਪੰਜਾਬ ਦੇ ਪੁਨਰਗਠਨ ਤੋਂ ਬਾਅਦ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਪਹਿਲੇ ਮੁੱਖ ਮੰਤਰੀ ਬਣੇ ਸਨ। ਉਹ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਸਨ। 1967 ’ਚ ਹੋਈਆਂ ਚੋਣਾਂ ਤੋਂ ਬਾਅਦ ਅਕਾਲੀ ਦਲ ਦੇ ਪਹਿਲੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਮਾਲਵਾ ਖੇਤਰ ਦੇ ਕਿਲ੍ਹਾ ਰਾਏਪੁਰ ਤੋਂ ਨਾਮਜ਼ਦ ਹੋਏ ਸਨ। ਸੂਬੇ ਦੇ ਦੂਸਰੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਵੀ ਮਾਲਵਾ ਖੇਤਰ ਦੇ ਧਰਮਕੋਟ ਹਲਕੇ ਤੋਂ ਚੁਣੇ ਗਏ ਸਨ। ਇਨ੍ਹਾਂ ਤੋਂ ਇਲਾਵਾ ਗਿਆਨੀ ਜ਼ੈਲ ਸਿੰਘ, ਪ੍ਰਕਾਸ਼ ਸਿੰਘ ਬਾਦਲ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਹੁਣ ਤੱਕ ਦੇ ਸਾਰੇ ਮੁੱਖ ਮੰਤਰੀ ਮਾਲਵਾ ਖੇਤਰ ਨਾਲ ਹੀ ਸਬੰਧਿਤ ਰਹੇ ਹਨ। ਹੁਣ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਵੀ ਖਰੜ ਦੇ ਰਹਿਣ ਵਾਲੇ ਹਨ, ਜੋ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਹਨ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ CM ਨੂੰ ਅਪੀਲ, SC ਸਕਾਲਰਸ਼ਿਪ ਘਪਲੇ ’ਚ ਧਰਮਸੌਤ ਨੂੰ ਕਰਵਾਉਣ ਗ੍ਰਿਫ਼ਤਾਰ

ਰੰਧਾਵਾ ਤੇ ਸੋਨੀ ਤੋਂ ਹਨ ਵੱਡੀਆਂ ਉਮੀਦਾਂ
ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਦੋਵੇਂ ਹੀ ਮਾਝਾ ਖੇਤਰ ਦੇ ਸੀਨੀਅਰ ਕਾਂਗਰਸੀ ਆਗੂ ਹਨ, ਜਿਨ੍ਹਾਂ ਤੋਂ ਇਸ ਖੇਤਰ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ। ਅੱਜ ਇਨ੍ਹਾਂ ਦੋਵਾਂ ਆਗੂਆਂ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਏ ਜਾਣ ਨਾਲ ਸਿਰਫ ਇਨ੍ਹਾਂ ਆਗੂਆਂ ਦੇ ਸਮਰਥਕਾਂ ਵਿਚ ਹੀ ਉਤਸ਼ਾਹ ਪੈਦਾ ਨਹੀਂ ਹੋਇਆ ਸਗੋਂ ਆਮ ਲੋਕ ਵੀ ਇਸ ਨੂੰ ਇਸ ਖੇਤਰ ਲਈ ਲਾਹੇਵੰਦ ਸਮਝ ਰਹੇ ਹਨ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਆਉਣ ਵਾਲੇ ਸਮੇਂ ’ਚ ਇਹ ਦੋਵੇਂ ਮਾਝਾ ਖੇਤਰ ’ਚ ਕੀ ਕੁਝ ਕਰਨ ’ਚ ਸਫਲ ਹੁੰਦੇ ਹਨ।


author

Manoj

Content Editor

Related News