ਸ਼ਹਿਰ ਦੇ ਮੁੱਖ ਚੌਕ ’ਚ ਗੰਦਗੀ ਤੇ ਟੁੱਟੀਅਾਂ ਸਡ਼ਕਾਂ ਕਰਦੀਅਾਂ ਨੇ ਲੋਕਾਂ ਦਾ ਸਵਾਗਤ
Sunday, Jul 29, 2018 - 01:40 AM (IST)
ਮੋਗਾ, (ਗੋਪੀ ਰਾਊਕੇ)- ਇਕ ਪਾਸੇ ਜਿਥੇ ਪੰਜਾਬ ਦੇ ਬਹੁਤੇ ਸ਼ਹਿਰਾਂ ’ਚ ਬਾਹਰੋਂ ਆਉਣ ਵਾਲੇ ਲੋਕਾਂ ਦਾ ਸੁਆਗਤ ਸੁਆਗਤੀ ਗੇਟਾਂ ਨਾਲ ਕੀਤਾ ਜਾਂਦਾ ਹੈ, ਉਥੇ ਹੀ ਦੂਜੇ ਪਾਸੇ ਮੋਗਾ ਸ਼ਹਿਰ ’ਚ ਬਾਹਰੋਂ ਆਉਣ ਵਾਲੇ ਲੋਕਾਂ ਦਾ ਸਵਾਗਤ ਮੁੱਖ ਚੌਕ ’ਚ ਟੁੱਟੀਅਾਂ ਸਡ਼ਕਾਂ ਤੇ ਗੰਦਗੀ ਕਰ ਰਹੀ ਹੈ। ਪਿਛਲੇ ਸੱਤ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਮਗਰੋਂ ਤਾਂ ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਮੁੱਖ ਬੱਸ ਸਟੈਂਡ ਤੋਂ ਬਾਹਰ ਨਿਕਲਦੇ ਸਾਰ ਹੀ ਫਿਰੋਜ਼ਪੁਰ, ਲੁਧਿਆਣਾ, ਮੁੱਖ ਸ਼ਹਿਰ ਅਤੇ ਹੋਰ ਥਾਵਾਂ ਤੋਂ ਜਾਣ ਵਾਲੇ ਲੋਕਾਂ ਨੂੰ ਇਨ੍ਹਾਂ ਟੋਇਆਂ ’ਚ ਭਰੇ ਪਾਣੀ ’ਚੋਂ ਲੰਘ ਕੇ ਜਾਣਾ ਪੈ ਰਿਹਾ ਹੈ। ਇਥੇ ਹੀ ਬਸ ਨਹੀਂ ਸਡ਼ਕ ’ਚ ਪਏ 2-2 ਫੁੱਟ ਡੂੰਘੇ ਟੋਇਆਂ ’ਚ ਡਿਗ ਕੇ ਰੋਜ਼ਾਨਾ ਦੋ ਪਹੀਆ ਵਾਹਨ ਚਾਲਕ ਜ਼ਖਮੀ ਹੋ ਰਹੇ ਹਨ ਪਰ ਫਿਰ ਵੀ ਪ੍ਰਸ਼ਾਸਨ ਜਾਂ ਕਿਸੇ ਸਰਕਾਰੀ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ , ਜਿਸ ਕਾਰਨ ਲੋਕਾਂ ’ਚ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।
‘ਜਗ ਬਾਣੀ’ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਤਲਵੰਡੀ ਭਾਈ ਤੋਂ ਵਾਇਆ ਮੋਗਾ ਰਾਹੀਂ ਲੁਧਿਆਣਾ ਨੂੰ ਜਾ ਰਹੇ ਮੁੱਖ ਮਾਰਗ ਦੇ ਪੁਲਾਂ ਦਾ ਨਿਰਮਾਣ ਕਾਰਜ ਤਾਂ ਪਿਛਲੇ ਸਮੇਂ ਤੋਂ ਲਟਕਦਾ ਆ ਹੀ ਰਿਹਾ ਹੈ ਪਰ ਹੁਣ ਚੌਕ ’ਚੋਂ ਲੰਘਦੀਅਾਂ ਸਰਵਿਸ ਲਾਈਨਾਂ ਦੀ ਹਾਲਤ ਵੀ ਬੇਹੱਦ ਮਾਡ਼ੀ ਹੈ। ਮੁੱਖ ਚੌਕ ’ਚ ਮੇਨ ਬੱਸ ਸਟੈਂਡ, ਪੁਲਸ ਥਾਣਾ, ਡੀ. ਐੱਸ. ਪੀ. ਦਫਤਰ, ਨਾਰਕੋਟਿਕ ਸੈੱਲ, ਟ੍ਰੈਫਿਕ ਦਫਤਰ, ਬਲਾਕ ਪੰਚਾਇਤ ਤੇ ਵਿਕਾਸ ਦਫਤਰ, ਵਿਜੀਲੈਂਸ ਵਿਭਾਗ ਦੇ ਦਫਤਰ ਤੋਂ ਇਲਾਵਾ ਹੋਰ ਦਫਤਰ ਹੋਣ ਕਰਕੇ ਲੋਕਾਂ ਨੂੰ ਰੋਜ਼ਾਨਾ ਹੀ ਕੰਮ-ਕਾਜ ਲਈ ਮੁੱਖ ਚੌਕ ’ਚੋਂ ਆਉਣਾ ਪੈਂਦਾ ਹੈ ਪਰ ਚੌਕ ’ਚੋਂ ਦੋਪਹੀਆ ਵਾਹਨ ’ਤੇ ਚੱਲ ਕੇ ਲੰਘਣਾ ਤਾਂ ਦੂਰ ਦੀ ਗੱਲ, ਸਗੋਂ ਤੁਰ ਕੇ ਲੰਘਣਾ ਵੀ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ। ਤਿੰਨ ਦਿਨ ਪਹਿਲਾਂ ਚੌਕ ’ਚ ਦੋਪਹੀਆ ਵਾਹਨ ਤੋਂ ਡਿਗ ਕੇ ਜ਼ਖਮੀ ਹੋਏ ਮਾਸਟਰ ਤੇਜਿੰਦਰ ਸਿੰਘ ਦਾ ਕਹਿਣਾ ਸੀ ਕਿ ਸਾਰੇ ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣ ਦੇ ਦਾਅਵੇ ਕਰਦਿਆਂ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਪਰ ਇਹ ਮੋਗਾ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਇੱਥੋਂ ਦੇ ਵਸਨੀਕਾਂ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਦੇ ਵਸਨੀਕ ਮੁੱਖ ਚੌਕ ’ਚੋਂ ਲੰਘਦੀਆਂ ਸਰਵਿਸ ਲਾਈਨਾਂ ਦੀ ਹਾਲਤ ਸੁਧਾਰਨ ਦੀ ਮੰਗ ਕਰਦੇ ਆ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ।
ਮੁੱਖ ਚੌਕ ’ਚੋਂ ਲੰਘਦੀਆਂ ਸਰਵਿਸ ਲਾਈਨਾਂ ਦੀ ਹਾਲਤ ’ਚ ਤੁਰੰਤ ਸੁਧਾਰ ਕੀਤਾ ਜਾਵੇ : ਨਵਦੀਪ ਸੰਘਾ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਡ਼ਕ ਬਣਾਉਣ ਲਈ ਪਹਿਲਾਂ ਵੀ ਕਾਫੀ ਸੰਘਰਸ਼ ਕਰ ਚੁੱਕੀ ਸਮਾਜਕ ਕਮੇਟੀ ਦੇ ਆਗੂ ਨਵਦੀਪ ਸੰਘਾ ਦਾ ਕਹਿਣਾ ਸੀ ਕਿ ਸਰਵਿਸ ਲਾਈਨਾਂ ਦੀ ਹਾਲਤ ਨੂੰ ਠੀਕ ਕਰਨਾ ਸਡ਼ਕ ਬਣਾ ਰਹੀ ਕੰਪਨੀ ਦੀ ਜ਼ਿੰਮੇਵਾਰੀ ਹੈ ਪਰ ਕੰਪਨੀ ਇਹ ਜ਼ਿੰਮੇਵਾਰੀ ਨਹੀਂ ਨਿਭਾਅ ਰਹੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਨਵੇਂ ਬਣੇ ਪੁਲਾਂ ਦੀ ਹਾਲਤ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮਾਮਲਾ ਨਾ ਹੱਲ ਹੋਇਆ ਤਾਂ ਮੁਡ਼ ਸ਼ਹਿਰ ਦੀਆਂ ਸਮਾਜਕ ਸੰਸਥਾਵਾਂ ਨਾਲ ਤਾਲਮੇਲ ਬਣਾ ਕੇ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ।
ਪਾਣੀ ਪੈਣ ਨਾਲ ਪੁਲ ਧਸਣ ਦਾ ਖਦਸ਼ਾ
ਮੁੱਖ ਚੌਕ ’ਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿਥੇ ਸਰਵਿਸ ਲਾਈਨਾਂ ਟੁੱਟ ਰਹੀਆਂ ਹਨ, ਉੱਥੇ ਹੀ ਇਹ ਪਾਣੀ ਹੁਣ ਮੁੱਖ ਮਾਰਗ ਤੋਂ ਲੰਘਦੀ ਸਡ਼ਕ ’ਤੇ ਬਣੇ ਪੁਲਾਂ ’ਚ ਵੀ ਪੈ ਰਿਹਾ ਹੈ। ਲਗਾਤਾਰ ਪਾਣੀ ਪੈਣ ਕਰ ਕੇ ਇਹ ਪੁਲ ਧੱਸਣ ਦਾ ਖਦਸ਼ਾ ਬਣ ਰਿਹਾ ਹੈ ਅਤੇ ਕਿਸੇ ਵੇਲੇ ਵੀ ਲਗਾਤਾਰ ਪਾਣੀ ਪੈਣ ਕਰਕੇ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਹੈ।
