ਜਗਰਾਉਂ ਪੁਲ ਹੇਠਾਂ ਸ਼ਰੇਆਮ ਨਸ਼ੇ ਦੇ ਟੀਕੇ ਲਾਉਂਦੇ ਨੌਜਵਾਨਾਂ ਦੀ ਵੀਡੀਓ ਵਾਇਰਲ
Sunday, Aug 23, 2026 - 01:59 PM (IST)
ਲੁਧਿਆਣਾ (ਰਾਜ)- ਮਹਾਨਗਰ ਦੇ ਕੇਂਦਰ ਵਿਚ ਸਥਿਤ ਪ੍ਰਮੁੱਖ ਜਗਰਾਉਂ ਪੁਲ ਹੇਠਾਂ ਸ਼ਰੇਆਮ ਨਸ਼ੇ ਦੇ ਟੀਕੇ ਲਗਾਉਂਦੇ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਤੇ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਵਾਇਰਲ ਹੋ ਰਹੀ ਇਸ ਵੀਡੀਓ ਨੇ ਪੁਲਸ ਦੀ ਗਸ਼ਤ ਤੇ ਨਿਗਰਾਨੀ ਪ੍ਰਣਾਲੀ ਦੀ ਪੋਲ ਖੋਲ੍ਹ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਗਰਾਉਂ ਪੁਲ ਹੇਠਾਂ ਗੰਦਗੀ ਵਾਲੀ ਜਗ੍ਹਾ ’ਤੇ ਬੈਠ ਕੇ ਕੁਝ ਨੌਜਵਾਨ ਬਿਨਾਂ ਕਿਸੇ ਡਰ ਦੇ ਟੀਕੇ ਰਾਹੀਂ ਨਸ਼ੇ ਦਾ ਸੇਵਨ ਕਰ ਰਹੇ ਹਨ।
ਮੁੱਖ ਇਲਾਕੇ ਵਿਚ ਸ਼ਰੇਆਮ ਨਸ਼ਾ ਲੈਣ ਦੀ ਇਸ ਘਟਨਾ ਨਾਲ ਸਥਾਨਕ ਦੁਕਾਨਦਾਰਾਂ ਤੇ ਰਾਹਗੀਰਾਂ ਵਿਚ ਭਾਰੀ ਚਿੰਤਾ ਅਤੇ ਰੋਸ ਦਾ ਮਾਹੌਲ ਹੈ। ਇਸ ਪੂਰੇ ਮਾਮਲੇ ਦਾ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਜਿਸ ਜਗ੍ਹਾ ’ਤੇ ਇਹ ਨੌਜਵਾਨ ਬੈਠ ਕੇ ਨਸ਼ੇ ਦਾ ਟੀਕਾ ਲਗਾ ਰਹੇ ਹਨ, ਉੱਥੋਂ ਮਹਿਜ਼ ਕੁਝ ਫੁੱਟ ਦੀ ਦੂਰੀ ’ਤੇ ਰੇਲਵੇ ਸਟੇਸ਼ਨ ਤੇ ਪੁਲ ਵੱਲ ਜਾਣ ਵਾਲੇ ਰਸਤੇ ’ਤੇ ਟਰੈਫਿਕ ਪੁਲਸ ਦਾ ਨਾਕਾ ਹਮੇਸ਼ਾ ਮੌਜੂਦ ਰਹਿੰਦਾ ਹੈ।
ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਦੋਸ਼ ਲਗਾਇਆ ਹੈ ਕਿ ਪੁਲਸ ਮੁਲਾਜ਼ਮਾਂ ਦੀ ਪੂਰੀ ਦਿਲਚਸਪੀ ਸਿਰਫ਼ ਆਮ ਵਾਹਨ ਚਾਲਕਾਂ ਨੂੰ ਰੋਕ ਕੇ ਚਲਾਨ ਕੱਟਣ ਵਿਚ ਹੀ ਰਹਿੰਦੀ ਹੈ। ਉਨ੍ਹਾਂ ਦੇ ਨੱਕ ਹੇਠਾਂ ਨੌਜਵਾਨ ਇਸ ਤਰ੍ਹਾਂ ਜ਼ਹਿਰ ਦਾ ਟੀਕਾ ਲਗਾ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ ਪਰ ਪੁਲਸ ਇਸ ਪਾਸੇ ਦੇਖਣਾ ਵੀ ਮੁਨਾਸਿਬ ਨਹੀਂ ਸਮਝਦੀ।
ਇਲਾਕਾ ਨਿਵਾਸੀਆਂ ਤੇ ਸਮਾਜਿਕ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਜਗਰਾਉਂ ਪੁਲ ਦੇ ਆਸਪਾਸ ਤੁਰੰਤ ਪੱਕੀ ਪੁਲਸ ਪਿਕਟ ਅਤੇ ਪੈਦਲ ਗਸ਼ਤ ਸ਼ੁਰੂ ਕੀਤੀ ਜਾਵੇ। ਇਲਾਕੇ ਵਿਚ ਨਸ਼ਾ ਸਪਲਾਈ ਕਰਨ ਵਾਲੇ ਪੈਡਲਰਾਂ ਅਤੇ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਾਇਰਲ ਵੀਡੀਓ ਦੀ ਜਾਂਚ ਕਰਕੇ ਨਸ਼ਾ ਕਰ ਰਹੇ ਨੌਜਵਾਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿਚ ਭੇਜਿਆ ਜਾਵੇ ਅਤੇ ਨਸ਼ਾ ਮਾਫੀਆ ’ਤੇ ਸਖ਼ਤ ਸ਼ਿਕੰਜਾ ਕੱਸਿਆ ਜਾਵੇ।
