ਬਿਹਾਰੀ ਕਾਲੋਨੀ ’ਚ ਬੇਖ਼ੌਫ਼ ਹੋਏ ਨਸ਼ਾ ਸਮੱਗਲਰ: ਸ਼ਰੇਆਮ ਸੱਜ ਰਹੀ ਨਸ਼ੇ ਦੀ ਮਹਿਫ਼ਿਲ; ਵੀਡੀਓ ਵਾਇਰਲ

Wednesday, Aug 12, 2026 - 02:55 PM (IST)

ਬਿਹਾਰੀ ਕਾਲੋਨੀ ’ਚ ਬੇਖ਼ੌਫ਼ ਹੋਏ ਨਸ਼ਾ ਸਮੱਗਲਰ: ਸ਼ਰੇਆਮ ਸੱਜ ਰਹੀ ਨਸ਼ੇ ਦੀ ਮਹਿਫ਼ਿਲ; ਵੀਡੀਓ ਵਾਇਰਲ

ਲੁਧਿਆਣਾ (ਰਾਜ)- ਮਹਾਨਗਰ ਵਿਚ ਪੰਜਾਬ ਪੁਲਸ ਦੇ ਡਰੱਗ-ਫ਼੍ਰੀ ਅਭਿਆਨਾਂ ਅਤੇ ਮੁਸਤੈਦੀ ਦੇ ਵੱਡੇ-ਵੱਡੇ ਦਾਅਵਿਆਂ ਦੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ। ਤਾਜਪੁਰ ਰੋਡ ਸਥਿਤ ਬਿਹਾਰੀ ਕਾਲੋਨੀ ਇਸ ਵੇਲੇ ਖੁੱਲ੍ਹੇਆਮ ਨਸ਼ੇ ਦਾ ਗੜ੍ਹ ਬਣ ਚੁੱਕੀ ਹੈ, ਜਿੱਥੇ ਪੁਲਸ ਦੇ ਖ਼ੌਫ਼ ਤੋਂ ਬੇਪ੍ਰਵਾਹ ਨਸ਼ਾ ਤਸਕਰ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਚਿੱਟਾ ਵੇਚ ਰਹੇ ਹਨ। ਸਥਿਤੀ ਇੰਨੀ ਚਿੰਤਾਜਨਕ ਹੈ ਕਿ ਰਾਤ ਦੇ ਹਨ੍ਹੇਰੇ ਵਿਚ ਸਮੱਗਲਰ ਬਿਨਾਂ ਕਿਸੇ ਡਰ ਦੇ ਮੋਬਾਈਲ ਦੀ ਟਾਰਚ ਜਗਾ ਕੇ ਨਸ਼ੇੜੀਆਂ ਨੂੰ ਨਸ਼ੇ ਦੀਆਂ ਪੁੜੀਆਂ ਸਪਲਾਈ ਕਰ ਰਹੇ ਹਨ।

ਨਾਬਾਲਗਾਂ ਦੀ ਆੜ ’ਚ ਖੇਡ ਰਹੇ ਵੱਡੇ ਮਗਰਮੱਛ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਜ਼ਾ ਵੀਡੀਓ ਤੇ ਪੜਤਾਲ ਦੌਰਾਨ ਨਸ਼ਾ ਮਾਫ਼ੀਆ ਦਾ ਇੱਕ ਹੋਰ ਘਿਨਾਉਣਾ ਚਿਹਰਾ ਸਾਹਮਣੇ ਆਇਆ ਹੈ। ਸਥਾਨਕ ਨਾਲੇ ਦੇ ਪੁਲ 'ਤੇ ਜ਼ਹਿਰੀਲਾ ਨਸ਼ਾ ਵੇਚਣ ਲਈ ਵੱਡੇ ਤਸਕਰਾਂ ਨੇ ਮਾਸੂਮ ਨਾਬਾਲਗ ਬੱਚਿਆਂ ਨੂੰ ਢਾਲ ਬਣਾਇਆ ਹੋਇਆ ਹੈ। ਵੱਡੇ ਮਗਰਮੱਛ ਪੁਲਸ ਕਾਰਵਾਈ ਅਤੇ ਸਖ਼ਤ ਕਾਨੂੰਨੀ ਸ਼ਿਕੰਜੇ ਤੋਂ ਬਚਣ ਲਈ ਇਨ੍ਹਾਂ ਨਾਬਾਲਗਾਂ ਨੂੰ ਮੋਹਰਾ ਬਣਾ ਕੇ ਆਪ ਪਰਦੇ ਦੇ ਪਿੱਛੇ ਰਹਿ ਰਹੇ ਹਨ। ਮਾਫ਼ੀਆ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਮਰ ਘੱਟ ਹੋਣ ਕਾਰਨ ਪੁਲਸ ਇਨ੍ਹਾਂ ਬੱਚਿਆਂ 'ਤੇ ਸਖ਼ਤ ਕਾਰਵਾਈ ਕਰਨ ਤੋਂ ਝਿਜਕਦੀ ਹੈ। ਇਸੇ ਕਾਨੂੰਨੀ ਢਾਲ ਦਾ ਨਾਜਾਇਜ਼ ਫ਼ਾਇਦਾ ਚੁੱਕ ਕੇ ਮੁੱਖ ਸਰਗਨੇ ਬੱਚਿਆਂ ਦਾ ਭਵਿੱਖ ਬਰਬਾਦ ਕਰ ਕੇ ਆਪਣੀਆਂ ਤਿਜੋਰੀਆਂ ਭਰ ਰਹੇ ਹਨ।

ਪੁਲਸ ਦੀ ਚੁੱਪੀ 'ਤੇ ਉੱਠ ਰਹੇ ਗੰਭੀਰ ਸਵਾਲ

ਇਸ ਪੂਰੇ ਮਾਮਲੇ ਵਿਚ ਪੁਲਸ ਦੀ ਅਪਰਾਧਿਕ ਅਣਦੇਖੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਇਲਾਕੇ ਵਿਚ ਚੱਲ ਰਹੇ ਇਸ ਖੁੱਲ੍ਹੇ ਖੇਡ ਦੀ ਜਾਣਕਾਰੀ ਪੁਲਸ ਦੇ ਖ਼ੁਫ਼ੀਆ ਨੈੱਟਵਰਕ ਨੂੰ ਨਾ ਹੋਣਾ ਅਸੰਭਵ ਜਾਪਦਾ ਹੈ। ਇਸ ਦੇ ਬਾਵਜੂਦ ਕੋਈ ਠੋਸ ਛਾਪੇਮਾਰੀ ਜਾਂ ਕਾਰਵਾਈ ਨਾ ਹੋਣਾ ਸਥਾਨਕ ਪੁਲਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।

ਸਥਾਨਕ ਨਿਵਾਸੀਆਂ 'ਚ ਭਾਰੀ ਰੋਸ

ਇਲਾਕਾ ਨਿਵਾਸੀਆਂ ਵਿਚ ਪੁਲਸ ਦੀ ਸੁਸਤੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਜਦੋਂ ਉਹ ਨਸ਼ਾ ਸਮੱਗਲਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਲਟਾ ਉਨ੍ਹਾਂ ਨੂੰ ਹੀ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਸਥਾਨਕ ਲੋਕਾਂ ਨੇ ਉੱਚ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਿਹਾਰੀ ਕਾਲੋਨੀ ਵਿੱਚ ਪੁਲਸ ਦੀ ਗਸ਼ਤ ਵਧਾਈ ਜਾਵੇ, ਨਸ਼ਾ ਤਸਕਰਾਂ ਦੇ ਮੁੱਖ ਸਰਗਨਿਆਂ ਦੀ ਪਛਾਣ ਕਰਕੇ ਉਨ੍ਹਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਨੂੰ ਨਸ਼ਾ ਮੁਕਤ ਬਣਾਇਆ ਜਾਵੇ।
 


author

Anmol Tagra

Content Editor

Related News