ਲੁਧਿਆਣਾ : ਦੇਹ ਵਪਾਰ ''ਚ ਫੜ੍ਹੀਆਂ ਕੁੜੀਆਂ ਬਾਰੇ ਹੋਇਆ ਹੈਰਾਨ ਕਰਦਾ ਖੁਲਾਸਾ
Thursday, Feb 06, 2020 - 12:45 PM (IST)
ਲੁਧਿਆਣਾ (ਰਾਜ) : ਹੋਟਲ ਪਾਰਕ ਬਲੂ 'ਚ ਰੇਡ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ 28 ਲੋਕਾਂ 'ਤੇ ਇਮੋਰਲ ਟਰੈਫਕਿੰਗ ਪ੍ਰੀਵੈਂਸ਼ਨ ਐਕਟ ਅਧੀਨ ਐੱਫ. ਆਰ. ਆਈ. ਦਰਜ ਕੀਤੀ ਹੈ, ਜਿਸ 'ਚ 15 ਲੜਕੀਆਂ ਸ਼ਾਮਲ ਹਨ। ਸ਼ੁਰੂਆਤੀ ਪੁੱਛਗਿੱਛ ਵਿਚ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ ਕਿ ਫੜ੍ਹੀਆਂ ਗਈਆਂ ਲੜਕੀਆਂ 'ਚ ਐੱਚ. ਆਈ. ਵੀ. ਪਾਜ਼ੇਟਿਵ ਅਤੇ ਕਾਲੇ ਪੀਲੀਏ ਦੀਆਂ ਮਰੀਜ਼ ਸ਼ਾਮਲ ਹਨ। ਇਸ ਤਰ੍ਹਾਂ ਲੜਕੀਆਂ ਤੋਂ ਹੋਟਲ ਮਾਲਕ ਸਕੇ ਭਰਾ ਜਿਸਮਫਰੋਸ਼ੀ ਦਾ ਧੰਦਾ ਕਰਵਾ ਰਹੇ ਸਨ। ਇਸ ਤੋਂ ਇਲਾਵਾ ਹੋਟਲ ਅੰਦਰ ਨਾਜਾਇਜ਼ ਸ਼ਰਾਬ ਦੀਆਂ 8 ਬੋਤਲਾਂ ਬਰਾਮਦ ਹੋਈਆਂ ਸਨ, ਜਿਸ 'ਤੇ ਪੁਲਸ ਨੇ ਹੋਟਲ ਮਾਲਕ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ 'ਤੇ ਵੱਖ ਐਕਸਾਈਜ਼ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਹੈ। ਬੁੱਧਵਾਰ ਨੂੰ ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਤਿੰਨ ਦਿਨ ਲਈ ਮੁਲਜ਼ਮਾਂ ਨੂੰ ਪੁਲਸ ਰਿਮਾਂਡ 'ਤੇ ਭੇਜਿਆ ਗਿਆ।
ਜਾਣਕਾਰੀ ਮੁਤਾਬਕ ਹੋਟਲ ਪਾਰਕ ਬਲੂ ਦੇ ਮਾਲਕ ਮਨਪ੍ਰੀਤ ਸਿੰਘ ਉਰਫ ਹੈਪੀ ਅਤੇ ਗੁਰਪ੍ਰੀਤ ਸਿੰਘ ਦੋਵੇਂ ਹੀ ਬਾਹਰੋਂ ਲੜਕੀਆਂ ਬੁਲਾ ਕੇ ਹੋਟਲ ਦੇ ਅੰਦਰ ਜਿਸਮਫਰੋਸ਼ੀ ਦਾ ਧੰਦਾ ਕਰਵਾ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਨੇ ਇਸ ਸਬੰਧ ਵਿਚ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਸੀ. ਪੀ. ਨੇ ਏ. ਡੀ. ਸੀ. ਪੀ. ਹਰੀਸ਼ ਦਿਆਮਾ ਅਤੇ ਏ. ਸੀ. ਪੀ. ਰੁਪਿੰਦਰ ਕੌਰ ਭੱਟੀ ਦੀ ਅਗਵਾਈ 'ਚ ਟੀਮ ਬਣਾਈ ਸੀ ਅਤੇ ਪਹਿਲਾਂ ਇਕ ਪੁਲਸ ਮੁਲਾਜ਼ਮ ਨੂੰ ਗਾਹਕ ਬਣਾ ਕੇ ਭੇਜਿਆ ਗਿਆ। ਗਾਹਕ ਬਣ ਕੇ ਗਏ ਪੁਲਸ ਮੁਲਾਜ਼ਮ ਦੇ ਇਸ਼ਾਰੇ ਤੋਂ ਬਾਅਦ ਮੰਗਲਵਾਰ ਦੀ ਰਾਤ ਨੂੰ ਭਾਰੀ ਪੁਲਸ ਫੋਰਸ ਨੇ ਹੋਟਲ 'ਚ ਰੇਡ ਕੀਤੀ।
ਸ਼ਰਾਬ ਨਾਲ ਹੋਰ ਨਸ਼ਾ ਵੀ ਉਪਲਬਧ ਕਰਵਾਉਂਦੇ ਸੀ ਹੋਟਲ ਮਾਲਕ
ਹੋਟਲ ਮਾਲਕ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਕਾਫੀ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚਲਾ ਰਹੇ ਸਨ। ਉਨ੍ਹਾਂ ਨੇ ਕੁਝ ਲੜਕੀਆਂ ਨੂੰ ਪੱਕੇ ਤੌਰ 'ਤੇ ਰੱਖਿਆ ਹੋਇਆ ਸੀ, ਜਿਨ੍ਹਾਂ 'ਚ ਕੁਝ ਵਿਦੇਸ਼ੀ ਵੀ ਸਨ। ਉਨ੍ਹਾਂ ਨੇ ਅੱਗੇ ਇਕ ਦਲਾਲ ਵੀ ਰੱਖਿਆ ਹੋਇਆ ਸੀ, ਜੋ ਗਾਹਕ ਲੈ ਕੇ ਆਉਂਦਾ ਸੀ। ਇਸ ਤੋਂ ਇਲਾਵਾ ਹੋਟਲ 'ਚ ਸ਼ਬਾਬ ਦੇ ਨਾਲ ਗਾਹਕਾਂ ਨੂੰ ਸ਼ਰਾਬ ਅਤੇ ਹੋਰ ਨਸ਼ਾ ਵੀ ਉਪਲਬਧ ਕਰਵਾਇਆ ਜਾਂਦਾ ਸੀ। ਰੇਡ ਦੌਰਾਨ ਹੋਟਲ 'ਚੋਂ ਪੁਲਸ ਨੂੰ ਸਰਿੰਜਾਂ ਵੀ ਬਰਾਮਦ ਹੋਈਆਂ ਸਨ।
ਪੁਲਸ ਨਾਲ ਸੈਟਿੰਗ ਦੀ ਦਿੰਦੇ ਸਨ ਗਾਰੰਟੀ
ਸੂਤਰਾਂ ਮੁਤਾਬਕ ਹੋਟਲ ਮਾਲਕ ਦੋਵੇਂ ਦੋਸ਼ੀ ਸਕੇ ਭਰਾ ਬਹੁਤ ਵੱਡੇ ਪੱਧਰ 'ਤੇ ਧੰਦਾ ਚਲਾ ਰਹੇ ਸਨ ਪਰ ਕੋਈ ਗਾਹਕ ਡਰਦਾ ਤਾਂ ਉਸ ਨੂੰ ਪੁਲਸ ਨਾਲ ਪੂਰੀ ਤਰ੍ਹਾਂ ਸੈਟਿੰਗ ਦੀ ਗਾਰੰਟੀ ਵੀ ਦਿੰਦੇ ਸਨ ਕਿ ਹੋਟਲ 'ਚ ਰੇਡ ਨਹੀਂ ਹੋ ਸਕਦੀ। ਕਿਤੇ ਨਾ ਕਿਤੇ ਇਹ ਗੱਲ ਸੀ. ਪੀ. ਦੇ ਕੋਲ ਪੁੱਜੀ ਸੀ। ਇਸ ਲਈ ਇਸ ਰੇਡ ਵਿਚ ਸਬੰਧਤ ਇਲਾਕੇ ਦੀ ਪੁਲਸ ਫੋਰਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਰੇਡ ਦੀ ਸੂਚਨਾ ਥਾਣਾ ਪੁਲਸ ਨੂੰ ਵੀ ਨਹੀਂ ਸੀ। ਉਨ੍ਹਾਂ ਨੂੰ ਬਾਅਦ 'ਚ ਬੁਲਾਇਆ ਗਿਆ।
ਗਾਹਕਾਂ ਨੂੰ ਲੁਭਾਉਣ ਲਈ ਸੋਸ਼ਲ ਸਾਈਟਸ 'ਤੇ ਬਣਾਏ ਸਨ ਪੇਜ
ਹੋਟਲ ਮਾਲਕ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਗਾਹਕਾਂ ਨੂੰ ਲੁਭਾਉਣ ਲਈ ਸੋਸ਼ਲ ਸਾਈਟਸ 'ਤੇ ਵੀ ਪੇਜ ਬਣਾਏ ਹੋਏ ਸਨ, ਜਿਨ੍ਹਾਂ ਨੂੰ ਅੱਗੇ ਰੱਖੇ ਉਨ੍ਹਾਂ ਦੇ ਦਲਾਲ ਆਪਰੇਟ ਕਰਦੇ ਹਨ। ਉਨ੍ਹਾਂ ਸੋਸ਼ਲ ਸਾਈਟਸ ਦੇ ਪੇਜ 'ਤੇ ਨੰਬਰ ਵੀ ਦਿੱਤੇ ਹੁੰਦੇ ਸਨ, ਜਿਨ੍ਹਾਂ 'ਤੇ ਸੰਪਰਕ ਕਰਨ ਤੋਂ ਬਾਅਦ ਉਹ ਗਾਹਕ ਨੂੰ ਹੋਟਲ ਪਾਰਕ ਬਲੂ 'ਚ ਭੇਜਦੇ ਸਨ। ਫੜ੍ਹੇ ਗਏ ਸਾਰੇ ਦੋਸ਼ੀਆਂ 'ਤੇ ਇਮੋਰਲ ਟਰੈਫਕਿੰਗ ਪ੍ਰੀਵੈਂਸ਼ਨ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਟਲ ਮਾਲਕ ਨੂੰ ਐਕਸਾਈਜ਼ ਐਕਟ 'ਚ ਵੀ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਹਨ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।