ਲੁਧਿਆਣਾ ਦੀ ਪੁਲਸ ਚੌਂਕੀ 'ਚ ਸ਼ਰੇਆਮ ਗੁੰਡਾਗਰਦੀ, ਲੋਕਾਂ ਨੇ ਮੁਲਾਜ਼ਮਾਂ 'ਤੇ ਕੀਤਾ ਕਾਤਲਾਨਾ ਹਮਲਾ
Monday, Jan 16, 2023 - 12:08 PM (IST)
ਲੁਧਿਆਣਾ (ਮੋਹਿਨੀ) : ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਣ ਆਏ ਵਿਅਕਤੀਆਂ ਨੇ ਥਾਣਾ ਸ਼ਿਮਲਾਪੁਰੀ ਦੇ ਅਧੀਨ ਪੈਂਦੀ ਬਸੰਤ ਪਾਰਕ ਪੁਲਸ ਚੌਂਕੀ 'ਚ ਤਾਇਨਾਤ ਪੁਲਸ ਮੁਲਾਜ਼ਮਾਂ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਇਸ 'ਚ ਮੁਨਸ਼ੀ ਸੁਖਦੇਵ ਨੂੰ ਨੁਕੀਲੀ ਚੀਜ਼ ਨਾਲ ਵਾਰ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਬਾਕੀ ਪੁਲਸ ਮੁਲਾਜ਼ਮਾਂ ਦੀ ਵਰਦੀ ਪਾੜਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁਲਸ ਦਾ ਕਹਿਣਾ ਹੈ ਕਿ ਚੌਂਕੀ 'ਚ ਸ਼ਿਕਾਇਤ ਲਿਖਵਾਉਣ ਆਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਜਦੋਂ ਸੱਚ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਪਹਿਲਾਂ ਉਸ ਵਿਅਕਤੀ ’ਤੇ ਹਮਲਾ ਕੀਤਾ, ਜਿਸ ’ਤੇ ਉਨ੍ਹਾਂ ਨੂੰ ਸ਼ੱਕ ਸੀ। ਪੁਲਸ ਚੌਂਕੀ 'ਚ ਔਰਤ ਸਮੇਤ 6 ਵਿਅਕਤੀਆਂ ਨੇ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਵੀਡੀਓ ਬਣਾਉਣ ਲੱਗ ਗਏ, ਜਿਸ ’ਤੇ ਪੁਲਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਹ ਹੱਥੋਪਾਈ ਕਰਨ ਲਗੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਯੂਨੀਵਰਸਿਟੀ ਦੇ VC ਪ੍ਰੋ. ਰਾਜ ਕੁਮਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਇਸ ਕਾਰਨ ਉਨ੍ਹਾਂ ਨੇ ਪੁਲਸ ਚੌਂਕੀ ਵਿਚ ਪਏ ਭਾਂਡੇ ਅਤੇ ਲੋਹੇ ਦੀ ਤਿੱਖੀ ਚੀਜ਼ ਨਾਲ ਮੁਨਸ਼ੀ ਸੁਖਦੇਵ ਸਿੰਘ ’ਤੇ ਹਮਲਾ ਕਰ ਦਿੱਤਾ। ਬਚਾਅ ਕਰਨ ਆਏ ਹੋਰ ਪੁਲਸ ਮੁਲਾਜ਼ਮ ਵਿਚੋਂ ਬਚਿੱਤਰ ਸਿੰਘ ਦੀ ਵਰਦੀ ਪਾੜ ਦਿੱਤੀ, ਜਿਸ ’ਤੇ ਮਾਹੌਲ ਵਿਗੜਦਾ ਦੇਖ ਕੇ ਪੁਲਸ ਫੋਰਸ ਨੇ ਮੁਲਜ਼ਮਾਂ ਨੂੰ ਫੜ੍ਹਿਆ ਅਤੇ ਮੌਕੇ ’ਤੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਚੌਂਕੀ ਇੰਚਾਰਜ ਜਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਦੇ ਨਾਲ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਨਹੀਂ ਦਿੱਤਾ ਜਾਵੇਗਾ। ਫੜ੍ਹੇ ਗਏ ਮੁਲਜ਼ਮਾਂ ਨੇ ਪੁਲਸ ਦੇ ਕੰਮ 'ਚ ਰੁਕਾਵਟ ਪਾਈ ਹੈ ਅਤੇ ਚੌਂਕੀ 'ਚ ਆ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਪੁਲਸ ਦੇ ਅਕਸ ਨੂੰ ਖ਼ਰਾਬ ਕਰਨ ਦਾ ਯਤਨ ਕੀਤਾ। ਇੰਚਾਰਜ ਜਰਨੈਲ ਸਿੰਘ ਨੇ ਦੱਸਿਆ ਕਿ ਹੱਥੋਪਾਈ ਦੌਰਾਨ ਥਾਣੇਦਾਰ ਹਰਭੋਲ ਸਿੰਘ ਤੋਂ ਉਸ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ, ਜਿਸ ’ਤੇ ਬਾਅਦ ਉਕਤ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ।
ਇਹ ਵੀ ਪੜ੍ਹੋ : ਸਮਰਾਲਾ 'ਚ ਮਰੀ ਗਾਂ ਕਾਰਨ ਵਾਪਰਿਆ ਭਿਆਨਕ ਹਾਦਸਾ, ਸ਼ੂਗਰ ਮਿੱਲ ਦੇ ਚੀਫ਼ ਇੰਜੀਨੀਅਰ ਦੀ ਮੌਤ
ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ’ਤੇ ਧਾਰਾ 307, 452,353,186,379-ਬੀ, 323, 506, 149 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਨਿਸ਼ਾਂਤ ਕੁਮਾਰ ਪੁੱਤਰ ਰਾਜ ਕੁਮਾਰ, ਬਲਵੀਰ ਸਿੰਘ ਪੁੱਤਰ ਸੁਰਜੀਤ ਸਿੰਘ, ਗੁਲਾਮ ਅਲੀ ਪੁੱਤਰ ਅਲੀ ਮੁਹੰਮਦ, ਰਵੀ ਪੁੱਤਰ ਬਲਵੀਰ ਸਿੰਘ, ਲੱਕੀ ਪੁੱਤਰ ਰਵਿੰਦਰ ਸਿੰਘ, ਸਰਬਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਸ਼ਿਮਲਾਪੁਰੀ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ